ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਈ ਗਿਵ ਐਂਡ ਗਰੋਅ ਫਾਊਂਡੇਸ਼ਨ

ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਈ ਗਿਵ ਐਂਡ ਗਰੋਅ ਫਾਊਂਡੇਸ਼ਨ।
ਹੁਸੈਨੀ ਵਾਲਾ ਖੇਤਰ ਦੇ 10 ਸਕੂਲਾਂ ਦੇ 1900 ਵਿਦਿਆਰਥੀਆਂ ਨੂੰ ਵੰਡੀ ਸਟੇਸ਼ਨਰੀ।
ਈਚ ਵਨ ਅਡਾਪਟ ਵਨ’ ਮੁਹਿੰਮ ਦੀ ਗੱਟੀ ਰਾਜੋ ਕੇ ਸਕੂਲ ਤੋਂ ਕੀਤੀ ਸ਼ੁਰੂਆਤ।
(ਪੰਜਾਬ) ਫਿਰੋਜ਼ਪੁਰ 24 ਸਤੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਹੜਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੁਸੈਨੀ ਵਾਲਾ ਖੇਤਰ ਦੇ ਨਾਲ ਲੱਗਦੇ 15 ਤੋਂ ਵੱਧ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜਦੇ 1900 ਤੋਂ ਵੱਧ ਵਿਦਿਆਰਥੀਆਂ ਦੀ ਮੱਦਦ ਲਈ ਸਮਾਜ ਸੇਵੀ ਸੰਸਥਾ ਗਿਵ ਐਂਡ ਗਰੋਅ ਫਾਊਂਡੇਸ਼ਨ ਵੱਲੋਂ ‘ਈਚ ਵਨ ਅਡਾਪਟ ਵਨ’ ਮੁਹਿੰਮ ਤਹਿਤ ਸਟੇਸ਼ਨਰੀ ਅਤੇ ਸਕੂਲ ਬੈਗ ਵੰਡਣ ਦੀ ਸ਼ੁਰੂਆਤ ਸਰਹੱਦੀ ਖੇਤਰ ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਤੋਂ ਕੀਤੀ ਗਈ। ਸੰਸਥਾ ਦੇ ਸੰਸਥਾਪਕ ਜਸਜੀਤ ਸਿੰਘ ਮਲਿਕ ਨੇ ਦੱਸਿਆ ਕਿ ਹੜ ਪ੍ਰਭਾਵਿਤ ਵਿਦਿਆਰਥੀਆਂ ਲਈ ਸਟੇਸ਼ਰੀ, ਬੈਗ, ਵਰਦੀਆਂ, ਬੂਟਾ ਤੋਂ ਇਲਾਵਾ ਜਰੂਰਤ ਅਨੁਸਾਰ ਫੀਸਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਇਹਨਾਂ ਵਿਦਿਆਰਥੀਆਂ ਦੀ ਆਰਥਿਕ ਤੰਗੀ ਨੂੰ ਪੜ੍ਹਾਈ ਵਿੱਚ ਰੁਕਾਵਟ ਨਹੀਂ ਬਣਨ ਦਿੱਤਾ ਜਾਵੇਗਾ।
ਇਸ ਮੌਕੇ ਡਾ ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਗਿਵ ਐਂਡ ਗਰੋਅ ਫਾਉਂਡੇਸ਼ਨ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਹੋਇਆਂ ਕਿਹਾ ਕਿ ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ ਲਈ ਸ਼ੁਰੂ ਕੀਤੀ ‘ਈਚ ਵਨ ਅਡਾਪਟ ਵਨ’ ਮੁਹਿੰਮ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਾਫਲਾ ਬਣ ਚੁੱਕੀ ਹੈ । ਇਸ ਤਹਿਤ ਫਿਰੋਜਪੁਰ ਦੇ ਸਮੂਹ ਹੜ ਪ੍ਰਭਾਵਿਤ 18 ਪ੍ਰਾਇਮਰੀ ਸਕੂਲ, 03 ਮਿਡਲ ਸਕੂਲ ,02 ਹਾਈ ਸਕੂਲ ਅਤੇ 02 ਸੀਨੀਅਰ ਸੈਕੈਂਡਰੀ ਸਕੂਲ ਦੇ ਵਿਦਿਆਰਥੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਅਸ਼ੋਕ ਬਹਿਲ ਸਮਾਜ ਸੇਵੀ ਨੇ ਇਸ ਮੌਕੇ ਦੱਸਿਆ ਕਿ ਅੱਜ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਗੱਟੀ ਰਾਜੋ ਕੇ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਭੱਖੜਾ, ਗੱਟੀ ਰਹੀਮੇ ਕੇ , ਟੇਂਡੀ ਵਾਲਾ, ਚਾਂਦੀ ਵਾਲਾ, ਖੁੰਦੜ ਗੱਟੀ ਦੇ 10 ਸਕੂਲਾਂ ਤੱਕ ਪਹੁੰਚ ਕੀਤੀ ਅਤੇ ਬਾਕੀ ਰਹਿੰਦੇ ਸਕੂਲਾਂ ਵਿੱਚ ਵੀ ਜਲਦ ਸਟੇਸ਼ਨਰੀ ਵੰਡੀ ਜਾਏਗੀ ਅਤੇ ਭਵਿੱਖ ਵਿੱਚ ਵੀ ਵਿਦਿਆਰਥੀਆਂ ਦੀ ਮਦਦ ਲਈ ਇਹ ਪ੍ਰੋਗਰਾਮ ਚਲਦਾ ਰਹੇਗਾ।
ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸਿਖਿਆ ਮਾਹਿਰ ਡਾ. ਕਮਲਜੀਤ ਸਿੰਘ ਸਲੂਜਾ ਨੇ ਵਿਦਿਆਰਥੀਆਂ ਨੂੰ ਕਿੱਤਾ ਅਗਵਾਈ ਪ੍ਰੋਗਰਾਮ ਦੀ ਮਹੱਤਤਾ ਜਾਣੂ ਕਰਾਉਂਦਿਆਂ ਸਕਿਲ ਡਿਵੈਲਪਮੈਂਟ ਦੇ ਅਨੇਕਾਂ ਪ੍ਰੋਗਰਾਮਾਂ ਦੀ ਵੱਡਮੁੱਲੀ ਜਾਣਕਾਰੀ ਦਿੱਤੀ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਦਿੱਤੇ ਜਾਂਦੇ ਵਜ਼ੀਫਾ ਸਕੀਮਾ ਦਾ ਲਾਭ ਲੈਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਗੁਰਰਾਜ ਸਿੰਘ ਮਲਿਕ ,ਹਰਜਾਪ ਸਿੰਘ ਮਲਿਕ ,ਦਸ਼ਮੇਸ਼ ਸਿੰਘ ਸੇਠੀ, ਭੁਪਿੰਦਰ ਸਿੰਘ ਛਾਬੜਾ, ਟੀ ਐਸ ਬੇਦੀ, ਸਕੂਲ ਇੰਚਾਰਜ ਤਜਿੰਦਰ ਸਿੰਘ ,ਹਨੀ ਕੁਮਾਰ ਮੁੱਖ ਅਧਿਆਪਕ, ਪ੍ਰਿਤਪਾਲ ਸਿੰਘ, ਵਿਸ਼ਾਲ ਗੁਪਤਾ, ਅਰੁਣ ਕੁਮਾਰ , ਰੁਪਿੰਦਰ ਸਿੰਘ ਤੋ ਇਲਾਵਾ ਗਿਵ ਐਂਡ ਗਰੋ ਫਾਊਂਡੇਸ਼ਨ ਦੇ ਸਮੂਹ ਮੈਂਬਰ ਅਤੇ ਪਿੰਡ ਦੇ ਸਰਪੰਚ, ਪੰਚ ਵੱਡੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।