27 ਅਤੇ 28 ਜਨਵਰੀ ਨੂੰ ਮਨਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ : ਡੀ.ਸੀ.
![](https://vvnewsvaashvara.in/wp-content/uploads/2025/01/1000093792-1024x576.jpg)
ਡਿਪਟੀ ਕਮਿਸ਼ਨਰ ਨੇ ਰਾਜ ਵਾਸੀਆਂ ਨੂੰ ਬਸੰਤ ਮੇਲੇ ਵਿੱਚ ਪਹੁੰਚਣ ਦਾ ਦਿੱਤਾ ਖੁੱਲ੍ਹਾ ਸੱਦਾ
ਬਸੰਤ ਮੇਲੇ ਚ ਸਭਿਆਚਾਰਕ ਪ੍ਰੋਗਰਾਮ ਹੋਵੇਗਾ ਖਿੱਚ ਕੇਂਦਰ
ਮਸ਼ਹੂਰ ਗਾਇਕ ਵਿਰਾਸਤ ਸੰਧੂ ਅਤੇ ਸਿਕੰਦਰ ਬਰਦਰਜ਼ ਆਪਣੀ ਗਾਇਕੀ ਨਾਲ ਕਰਨਗੇ ਲੋਕਾਂ ਦਾ ਮਨੋਰੰਜਨ
ਫ਼ਿਰੋਜ਼ਪੁਰ ਦੇ ਉੱਭਰਦੇ ਕਲਾਕਾਰਾਂ ਨੂੰ ਵੀ ਦਿੱਤਾ ਜਾਵੇਗਾ ਕਲਾ ਪ੍ਰਦਰਸ਼ਨ ਦਾ ਮੌਕਾ
(ਪੰਜਾਬ)ਫਿਰੋਜ਼ਪੁਰ, 26, ਜਨਵਰੀ 2025 {ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ}=
ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 27 ਅਤੇ 28 ਜਨਵਰੀ ਨੂੰ ਰਾਜ ਪੱਧਰੀ ਬਸੰਤ ਮੇਲਾ ਮਨਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਇਸ ਮੇਲੇ ਦੌਰਾਨ ਪਤੰਗਬਾਜ਼ੀ ਦੇ ਮੁਕਾਬਲੇ, ਸੱਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹਿਣਗੇ ਅਤੇ ਮਸ਼ਹੂਰ ਗਾਇਕ ਵਿਰਾਸਤ ਸੰਧੂ ਅਤੇ ਸਿਕੰਦਰ ਬਰਦਰਜ਼ ਆਪਣੀ ਗਾਇਕੀ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਸਮੂਹ ਰਾਜ ਵਾਸੀਆਂ ਨੂੰ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਇਸ ਮੇਲੇ ਵਿੱਚ ਪਹੁੰਚਣ ਦਾ ਸੱਦਾ ਦਿੱਤਾ।
ਡਿਪਟੀ ਕਮਿਸ਼ਨਰ ਨੇ ਬਸੰਤ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਪਰੰਤ ਦੱਸਿਆ ਕਿ ਇਸ ਬਸੰਤ ਮੇਲੇ ਵਿੱਚ ਪਤੰਗਬਾਜੀ ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ ਤੇ ਬੱਚੇ, ਨੋਜਵਾਨ ਲੜਕੇ/ਲੜਕੀਆਂ ਸਮੇਤ ਹਰ ਉਮਰ ਵਰਗ ਦੇ ਲੋਕਾਂ ਵੱਲੋਂ ਬੜੇ ਹੀ ਉਤਸ਼ਾਹ ਨਾਲ ਇਨ੍ਹਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 27 ਅਤੇ 28 ਜਨਵਰੀ ਨੂੰ ਬਸੰਤ ਮੇਲੇ ਦੌਰਾਨ ਜਿੱਥੇ ਵੱਖ-ਵੱਖ ਤਰ੍ਹਾਂ ਦੇ ਫੂਡ ਸਟਾਲ, ਬੱਚਿਆਂ ਲਈ ਝੂਲੇ, ਵੱਖ-ਵੱਖ ਹੈਂਡ ਕਰਾਫਟ ਸਟਾਲ ਅਤੇ ਹੋਰ ਕਈ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣੀਆਂ ਹਨ, ਉੱਥੇ ਹੀ ਇਸ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬ ਦੇ ਮਸ਼ਹੂਰ ਗਾਇਕਾਂ ਦੀਆਂ ਪੇਸ਼ਕਾਰੀਆਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣਨਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਪੱਧਰੀ ਬਸੰਤ ਮੇਲੇ ਦੌਰਾਨ ਸਭਿਆਚਾਰਕ ਪ੍ਰੋਗਰਾਮ ਵਿਸ਼ੇਸ਼ ਤੌਰ ‘ਤੇ ਖਿੱਚ ਦਾ ਕੇਂਦਰ ਰਹੇਗਾ ਜਿਸ ਵਿੱਚ 27 ਜਨਵਰੀ ਨੂੰ ਵਿਸ਼ਵ ਪ੍ਰਸਿੱਧ ਗਾਇਕ ਕਲਾਕਾਰ ਵਿਰਾਸਤ ਸੰਧੂ ਅਤੇ 28 ਜਨਵਰੀ ਨੂੰ ਸਿਕੰਦਰ ਭਰਾ (ਪੁੱਤਰ ਮਰਹੂਮ ਗਾਇਕ ਸਰਦੂਲ ਸਿਕੰਦਰ) ਕਲਾਕਾਰ ਭਾਗ ਲੈ ਰਹੇ ਹਨ, ਉੱਥੇ ਫਿਰੋਜ਼ਪੁਰ ਦੇ ਮਾਣ ਮੱਤੇ ਗਾਇਕ ਪ੍ਰਗਟ ਗਿੱਲ, ਬਲਕਾਰ ਗਿੱਲ, ਪਾਰਸ ਮਣੀ, ਬੂਟਾ ਅਨਮੋਲ, ਚਾਂਦ ਬਜਾਜ, ਗੌਰਵ ਅਣਮੋਲ, ਮੁਖਾ ਵਿਰਕ, ਸਤੀਸ਼ ਕੁਮਾਰ, ਸਲੀਮ ਸਾਬਰੀ, ਸੁੱਖਾ ਫਿਰੋਜਪੁਰੀਆ, ਜੈਲਾ ਸੰਧੂ, ਲੰਕੇਸ਼ ਕਮਲ, ਭੱਟੀ ਝੋਕ, ਅਭਿਸ਼ੇਕ ਕਲਿਆਣ, ਮਹਾਵੀਰ ਝੋਕ, ਗਾਮਾ ਸਿੱਧੂ, ਗਿੱਲ ਇੰਦਰ, ਤਰਸੇਮ ਅਰਮਾਨ, ਲਿਆਕਤ ਅਲੀ, ਕਾਲੀ ਸਹਿਗਲ, ਗੌਰਵ ਸ਼ਰਮਾ, ਸਲੀਮ, ਗੁਰਜੰਟ ਭੁੱਲਰ, ਰਿਦਮ ਆਦਿ ਆਪਣੀ ਕਲਾ ਦਾ ਮੁਜਾਹਰਾ ਕਰਨਗੇ। ਗਾਇਕੀ ਤੋਂ ਇਲਾਵਾ ਰਵਾਇਤੀ ਲੋਕ ਨਾਚਾਂ ਦੀਆਂ ਵਣਗੀਆਂ ਦੀ ਪੇਸ਼ਕਾਰੀ ਵੀ ਮੰਚ ਤੋਂ ਹੋਵੇਗੀ।
ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਵਾਸੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਫਿਰੋਜ਼ਪੁਰ ਦਾ ਮਾਣਮੱਤਾ ਤਿਉਹਾਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਪੱਧਰ ‘ਤੇ ਮਨਾਇਆ ਜਾ ਰਿਹਾ ਹੈ। ਇਹ ਰਾਜ ਪੱਧਰੀ ਬਸੰਤ ਮੇਲਾ ਸਭਨਾ ਫਿਰੋਜ਼ਪੁਰ ਵਾਸੀਆਂ ਦਾ ਸਾਂਝਾ ਮੇਲਾ ਹੈ ਅਤੇ ਇਸ ਵਿੱਚ ਫਿਰੋਜ਼ਪੁਰ ਦੇ ਉਭਰ ਰਹੇ ਕਲਾਕਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਮੌਕਾ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਰਾਜ ਅਤੇ ਜ਼ਿਲ੍ਹਾ ਵਾਸੀਆਂ ਨੂੰ 27-28 ਜਨਵਰੀ ਨੂੰ ਬਸੰਤ ਮੇਲੇ ਵਿਚ ਹੁੰਮ ਹੁਮਾ ਕੇ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ।