ਸਰਬੱਤ ਦਾ ਭਲਾ ਟਰੱਸਟ ਵੱਲੋਂ “ਹੜ੍ਹ ਪ੍ਰਭਾਵਿਤ ਵਿਆਹ ਯੋਜਨਾ” ਤਹਿਤ ਧੀਆਂ ਦੇ ਵਿਆਹਾਂ ਦਾ ਖਰਚਾ ਚੁੱਕਿਆ

ਸਰਬੱਤ ਦਾ ਭਲਾ ਟਰੱਸਟ ਵੱਲੋਂ “ਹੜ੍ਹ ਪ੍ਰਭਾਵਿਤ ਵਿਆਹ ਯੋਜਨਾ” ਤਹਿਤ ਧੀਆਂ ਦੇ ਵਿਆਹਾਂ ਦਾ ਖਰਚਾ ਚੁੱਕਿਆ
ਪਹਿਲੇ ਪੜਾਅ ‘ਚ 12 ਧੀਆਂ ਦੇ ਵਿਆਹਾਂ ਲਈ ਇੱਕ-ਇੱਕ ਲੱਖ ਰੁਪਏ ਦੇ ਚੈਕ ਜਾਰੀ: ਡਾ. ਐਸ.ਪੀ. ਸਿੰਘ ਉਬਰਾਏ
(ਪੰਜਾਬ)ਮੱਲਾਂਵਾਲਾ/ਫਿਰੋਜ਼ਪੁਰ, 7 ਨਵੰਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਆਪਣੀ ਵਿਲੱਖਣ ਸੇਵਾ ਸ਼ੈਲੀ ਤੇ ਖੁੱਲ੍ਹਦਿਲੀ ਨਾਲ ਸਮਾਜ ਸੇਵਾ ਦੇ ਖੇਤਰ ਵਿੱਚ ਵਿਸ਼ਵ ਪੱਧਰ 'ਤੇ ਵੱਖਰੀ ਪਛਾਣ ਬਣਾਉਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐਸ.ਪੀ. ਸਿੰਘ ਉਬਰਾਏ ਵੱਲੋਂ ਟਰੱਸਟ ਦੀ “ਹੜ੍ਹ ਪ੍ਰਭਾਵਿਤ ਵਿਆਹ ਯੋਜਨਾ” ਤਹਿਤ ਫਿਰੋਜ਼ਪੁਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ — ਫੱਤੇ ਵਾਲਾ, ਆਲੇ ਵਾਲਾ, ਟੱਲੀ ਗੁਲਾਮ, ਰੁਕਨੇ ਵਾਲਾ, ਮਹਿਮੂਦ ਵਾਲਾ ਅਤੇ ਟਿੱਬੀ ਰੰਗਾਂ ਆਦਿ — ਦੀਆਂ 12 ਧੀਆਂ ਦੇ ਵਿਆਹਾਂ ਦਾ ਸਾਰਾ ਖਰਚ ਚੁੱਕ ਕੇ ਇੱਕ ਨਿਵੇਕਲੀ ਮਿਸਾਲ ਪੇਸ਼ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਉਬਰਾਏ ਨੇ ਦੱਸਿਆ ਕਿ ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਵਿਆਹਾਂ ਲਈ ਮਦਦ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਧੀਨ, ਪਹਿਲੇ ਪੜਾਅ ਵਿੱਚ 12 ਪਰਿਵਾਰਾਂ ਨੂੰ 1-1 ਲੱਖ ਰੁਪਏ ਪ੍ਰਤੀ ਵਿਆਹ ਦੇ ਹਿਸਾਬ ਨਾਲ ਕੁੱਲ 12 ਲੱਖ ਰੁਪਏ ਦੇ ਚੈਕ ਸੌਂਪੇ ਗਏ ਹਨ।
ਇਹ ਚੈਕ ਟਰੱਸਟ ਦੀ ਫਿਰੋਜ਼ਪੁਰ ਜ਼ਿਲ੍ਹਾ ਇਕਾਈ ਦੀ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਉਨ੍ਹਾਂ ਦੀ ਟੀਮ ਦੀ ਹਾਜ਼ਰੀ ਵਿੱਚ ਪਿੰਡ ਫੱਤੇ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਆਟਲ (ਅਮਰੀਕਾ) ਇਕਾਈ ਦੇ ਪ੍ਰਧਾਨ ਪਿੰਟੂ ਬਾਠ ਵੱਲੋਂ ਪ੍ਰਭਾਵਿਤ ਪਰਿਵਾਰਾਂ ਨੂੰ ਦਿੱਤੇ ਗਏ।
ਇਸ ਮੌਕੇ ਉਹਨਾਂ ਨਾਲ ਜ਼ੀਰਾ ਤੋਂ ਵਿਧਾਇਕ ਨਰੇਸ਼ ਕਟਾਰੀਆ ਅਤੇ ਤਹਿਸੀਲਦਾਰ ਪਰਮਪਾਲ ਸਿੰਘ ਮੱਲਾਂਵਾਲਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਹੜ੍ਹ ਪ੍ਰਭਾਵਿਤ ਪਰਿਵਾਰਾਂ ਵੱਲੋਂ ਡਾ. ਉਬਰਾਏ ਅਤੇ ਟਰੱਸਟ ਦਾ ਦਿਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਸਲਾਹਕਾਰ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਬਲਵਿੰਦਰ ਕੌਰ ਲੋਹਕੇ, ਮਹਾਂਵੀਰ ਸਿੰਘ, ਰੀਡਰ ਗੁਰਜੀਤ ਸਿੰਘ, ਬਲਵਿੰਦਰ ਪਾਲ ਸ਼ਰਮਾ, ਤਲਵਿੰਦਰ ਕੌਰ, ਰਾਮ ਸਿੰਘ, ਸਰਪੰਚ ਸੁਖਦੇਵ ਸਿੰਘ ਢਿੱਲੋਂ, ਅਤੇ ਅਮਰੀਕ ਸਿੰਘ ਨੰਬਰਦਾਰ (ਫੱਤੇ ਵਾਲਾ) ਅਤੇ ਪਿੰਡ ਦੇ ਪੰਤਵੰਤੇ ਹਾਜ਼ਰ ਸਨ।




