ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮੱਦਦ ਲਈ ਅੱਗੇ ਆਈ ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ

ਦੋਨਾਂ ਮੱਤੜ ਅਤੇ ਨੌ ਬਹਿਰਾਮ ਸ਼ੇਰ ਸਿੰਘ ਦੇ ਸਕੂਲਾਂ ਦੇ 300 ਵਿਦਿਆਰਥੀਆਂ ਨੂੰ ਵੰਡੇਬੂਟ,ਜੁਰਾਬਾਂ ,ਜਰਸੀਆਂ,,ਬੈਗ ਅਤੇ ਸਟੇਸ਼ਨਰੀ।
(ਪੰਜਾਬ) ਫਿਰੋਜ਼ਪੁਰ 15 ਨਵੰਬਰ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੌ ਬਹਿਰਾਮ ਸ਼ੇਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਅਤੇ ਪ੍ਰਾਇਮਰੀ ਸਕੂਲ ਦੋਨਾਂ ਮੱਤੜ ਦੇ 300 ਤੋਂ ਵੱਧ ਵਿਦਿਆਰਥੀਆਂ ਨੂੰ ਬੂਟ, ਜੁਰਾਬਾਂ ,ਜਰਸੀਆਂ, ਬੈਗ , ਸਟੇਸ਼ਨਰੀ ਤੋਂ ਇਲਾਵਾ ਹੋਰ ਵਿੱਦਿਅਕ ਸਮੱਗਰੀ ਵੰਡਣ ਲਈ ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ।
ਰੋਟਰੀ ਕਲੱਬ ਦੇ ਸੀਨੀਅਰ ਮੈਂਬਰਾਂ ਰੋਟੇਰੀਅਨ ਕੁਲਦੀਪ ਸਿੰਘ ਸਰਾਂ , ਰੋਟੇਰੀਅਨ ਅਸ਼ੋਕ ਬਹਿਲ, ਹਰਵਿੰਦਰ ਸਿੰਘ ਗਰੇਵਾਲ, ਪਰਮਜੀਤ ਸਿੰਘ ਗਰੋਵਰ ਅਤੇ ਮਹਿੰਦਰ ਸਿੰਘ ਚੀਨੀ ਨੇ ਬੱਚਿਆਂ ਨੂੰ ਹੌਸਲਾ ਦੇਂਦੇ ਹੋਏ ਕਿਹਾ ਕਿ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਹਰ ਸਮੇਂ ਅੱਗੇ ਰਹਿਣਾ ਉਨ੍ਹਾਂ ਦਾ ਫ਼ਰਜ਼ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਦੀ ਪ੍ਰੇਰਨਾ ਦਿੰਦੇ ਹੋਏ, ਭਵਿੱਖ ਵਿੱਚ ਵੀ ਹਰ ਸੰਭਵ ਮਦਦ ਦਾ ਵਿਸ਼ਵਾਸ ਪ੍ਰਗਟਾਇਆ।
ਪ੍ਰੋਗਰਾਮ ਵਿੱਚ ਡਾ. ਸਤਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸਕੈਂਡਰੀ) ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਰੋਟਰੀ ਕਲੱਬ ਗੋਨਿਆਣਾ ਮਿਡ ਟਾਊਨ ਦੇ ਸਮਾਜਿਕ ਯੋਗਦਾਨ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਸਹਾਇਤਾ ਨਾਲ ਬੱਚਿਆਂ ਵਿੱਚ ਸਿੱਖਿਆ ਪ੍ਰਤੀ ਨਵਾਂ ਜੋਸ਼ ਅਤੇ ਆਤਮ-ਵਿਸ਼ਵਾਸ ਪੈਦਾ ਹੁੰਦਾ ਹੈ। ਉਹਨਾਂ ਕਿਹਾ ਕਿ ਹੜ ਪ੍ਰਭਾਵਿਤ ਵਿਦਿਆਰਥੀਆਂ ਦੀ ਮਦਦ ਲਈ ਸ਼ੁਰੂ ਕੀਤੀ ‘ਈਚ ਵਨ ਅਡਾਪਟ ਵਨ’ ਮੁਹਿੰਮ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਾਫਲਾ ਬਣ ਚੁੱਕੀ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹਨਾਂ ਦੋਨਾਂ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਦੇ ਬੋਰਡ ਪ੍ਰੀਖਿਆਵਾਂ ਦੇ ਰਹੇ ਵਿਦਿਆਰਥੀਆਂ ਦੀਆਂ 01 ਲੱਖ ਰੁਪਏ ਤੋਂ ਵੱਧ ਦੀਆਂ ਫੀਸਾਂ ਦਾ ਵੀ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਪ੍ਰਬੰਧ ਕੀਤਾ ਜਾ ਚੁੱਕਿਆ ਹੈ।
ਰੋਟੇਰੀਅਨ ਅਸ਼ੋਕ ਬਹਿਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਰੋਟਰੀ ਕਲੱਬ ਦੀਆਂ ਵੱਖ ਵੱਖ ਬ੍ਰਾਂਚਾਂ ਵੱਲੋਂ ਹੜ ਪ੍ਰਭਾਵਿਤ ਵਿਦਿਆਰਥੀਆਂ ਦੀਆਂ ਫੀਸਾਂ, ਸਟੇਸ਼ਨਰੀ ਅਤੇ ਹੋਰ ਲੋੜੀਦੀ ਸਮਗਰੀ ਵੱਖ ਵੱਖ ਸਕੂਲਾਂ ਵਿੱਚ ਪ੍ਰਦਾਨ ਕੀਤੀ ਜਾ ਚੁੱਕੀ ਹੈ।
ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜ਼ਰ ਬਲਾਕ ਨੋਡਲ ਅਫਸਰ ਪ੍ਰੇਮ ਸਿੰਘ ਪ੍ਰਿੰਸੀਪਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਹੱਦੀ ਖੇਤਰ ਦੇ ਇਹਨਾਂ ਵਿਦਿਆਰਥੀਆਂ ਦੀ ਆਰਥਿਕ ਤੰਗੀ ਹੁਣ ਪੜ੍ਹਾਈ ਵਿੱਚ ਰੁਕਾਵਟ ਨਹੀਂ ਬਣੇਗੀ।
ਅੰਤ ਵਿੱਚ ਸਕੂਲ ਇੰਚਾਰਜ ਮੁਖਤਿਆਰ ਸਿੰਘ ਅਤੇ ਸਟਾਫ ਨੇ ਰੋਟਰੀ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਜਤਾਈ।
ਇਸ ਮੌਕੇ ਪ੍ਰਮਿੰਦਰ ਸਿੰਘ ਲਾਲਚੀਆਂ,ਸਕੂਲ ਸਟਾਫ ਅਤੇ ਸਕੂਲ ਪ੍ਰਬੰਧਕੀ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।



