
(ਪੰਜਾਬ) ਫਿਰੋਜਪੁਰ 28 ਜੁਲਾਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਬਾਬਾ ਬਾਲਕ ਨਾਥ ਮੰਦਰ, ਫਿਰੋਜ਼ਪੁਰ ਵਿਖੇ ਭਗਤੀ ਭਜਨ ਗਰੁੱਪ ਵੱਲੋਂ ਮਹੰਤ ਬਲਦੇਵ ਗਿਰੀ ਜੀ ਦੇ ਜਨਮ ਦਿਨ ਦੇ ਪਾਵਨ ਮੌਕੇ 'ਤੇ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕਰਕੇ ਬਾਬਾ ਬਾਲਕ ਨਾਥ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਸਮਾਗਮ ਦੀ ਸ਼ੁਰੂਆਤ ਸ਼੍ਰੀ ਧਰਮਪਾਲ ਬਾਸਲ (ਸੰਸਥਾਪਕ ਭਗਤੀ ਭਜਨ ਗਰੁੱਪ, ਹਾਰਮਨੀ ਆਯੂਰਵੈਦਿਕ ਕਾਲਜ ਅਤੇ ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ) ਵਲੋਂ ਸ੍ਰੀ ਗਣੇਸ਼ ਵੰਦਨਾ ਨਾਲ ਕੀਤੀ ਗਈ। ਭਗਤੀ ਭਜਨ ਗਰੁੱਪ ਵਲੋ ਪ੍ਰਭੂ ਦੀ ਮਹਿਮਾ ਦਾ ਗੁਣਗਾਨ ਕਰਕੇ ਪੂਰੇ ਮਾਹੌਲ ਨੂੰ ਭਗਤੀ ਰਸ ਨਾਲ ਸਰਾਬੋਰ ਕਰ ਦਿੱਤਾ। ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਜਨਾਂ ਦਾ ਆਨੰਦ ਮਾਣਿਆ।
ਭਗਤੀ ਭਜਨ ਗਰੁੱਪ ਦੇ ਮੈਂਬਰਾਂ ਨੇ ਮਹੰਤ ਬਲਦੇਵ ਗਿਰੀ ਜੀ ਮਹਾਰਾਜ ਨੂੰ ਜਨਮ ਦਿਨ ਦੀਆਂ ਵਧਾਈਆ ਦਿੱਤੀਆ। ਇਸ ਮੌਕੇ ਮਹੰਤ ਬਲਦੇਵ ਗਿਰੀ ਜੀ ਨੇ ਸਮੂਹ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ਵਿੱਚ ਸੇਵਾ, ਸਿਮਰਨ ਅਤੇ ਪਰਉਪਕਾਰ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਧਰਮ ਅਤੇ ਮਨੁੱਖਤਾ ਦੀ ਸੇਵਾ ਕਰਨ ਦਾ ਸੰਦੇਸ਼ ਦਿੱਤਾ। ਪੂਰਾ ਮੰਦਰ ਪਰਿਸਰ ਭਗਤੀ, ਸ਼ਰਧਾ ਅਤੇ ਸੇਵਾ ਦੀ ਭਾਵਨਾ ਨਾਲ ਗੂੰਜਦਾ ਰਿਹਾ। ਇਹ ਧਾਰਮਿਕ ਸਮਾਗਮ ਆਪਸੀ ਭਾਈਚਾਰੇ, ਏਕਤਾ ਅਤੇ ਆਧਿਆਤਮਿਕ ਜਾਗਰੂਕਤਾ ਦਾ ਸੁੰਦਰ ਪ੍ਰਤੀਕ ਬਣਿਆ।
ਧਰਮਪਾਲ ਬਾਂਸਲ ਜੀ ਨੇ ਮਹੰਤ ਬਲਦੇਵ ਗਿਰੀ ਜੀ ਨੂੰ ਜਨਮ ਦਿਨ ਦੀਆਂ ਹਾਰਦਿਕ ਵਧਾਈਆਂ ਦਿੱਤੀਆ ਅਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਪ੍ਰਭੂ ਪ੍ਰਤੀ ਸ਼ਰਧਾ ਨੂੰ ਹੋਰ ਮਜ਼ਬੂਤ ਕਰਦੇ ਹਨ।ਉਨ੍ਹਾਂ ਨੇ ਕਿਹਾ ਕਿ ਭਗਤੀ ਭਜਨ ਗਰੁੱਪ ਦਾ ਉਦੇਸ਼ ਲੋਕਾਂ ਨੂੰ ਭਜਨ-ਕੀਰਤਨ ਅਤੇ ਧਾਰਮਿਕ ਸਮਾਗਮਾਂ ਰਾਹੀਂ ਪ੍ਰਭੂ ਦੇ ਲੜ ਲਾਉਣਾ ਅਤੇ ਨੌਜਵਾਨ ਪੀੜ੍ਹੀ ਨੂੰ ਚੰਗੇ ਸੰਸਕਾਰਾਂ ਨਾਲ ਜੋੜਨਾ ਹੈ। ਭਗਤੀ ਭਜਨ ਗਰੁੱਪ ਕੀਰਤਨ ਦੀ ਨਿਸ਼ਕਾਮ ਸੇਵਾ ਕਰ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਲਗਾਤਾਰ ਸਨਾਤਨ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੰਮ ਕਰ ਰਿਹਾ ਹੈ। ਸਮਾਗਮ ਵਿੱਚ ਹਾਜ਼ਰ ਸੰਗਤ ਨੇ ਭਗਤੀ ਭਰੇ ਕੀਰਤਨ ਦਾ ਖੂਬ ਆਨੰਦ ਮਾਣਿਆ ਅਤੇ ਮਹੰਤ ਬਲਦੇਵ ਗਿਰੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਮਿਊਜ਼ਿਕ ਡਾਇਰੈਕਟਰ ਗਰੋਵ ਅਨਮੋਲ ਅਸ਼ੋਕ ਗਰਗ, ਰਕੇਸ਼ ਪਾਠਕ ਵਲੋਂ ਆਪਣੀ ਪੂਰੀ ਟੀਮ ਨਾਲ ਭਜਨ ਕੀਰਤਨ ਵਿੱਚ ਯੋਗਦਾਨ ਦਿੱਤਾ ਗਿਆ। ਮਹਂਤ ਬਲਦੇਵ ਜੀ ਨੂੰ ਭਗਤੀ ਭਜਨ ਗਰੁੱਪ ਵਲੋ ਦੋਸ਼ਾਲਾ ਤੇ ਬਾਬਾ ਬਾਲਕ ਨਾਥ ਜੀ ਦਾ ਸੁੰਦਰ ਸਰੂਪ ਭੇਟ ਕੀਤਾ ਗਿਆ।
ਅੰਤ ਵਿੱਚ ਸਮੂਹ ਸੰਗਤ ਲਈ ਅਤੁੱਟ ਲੰਗਰ ਵਰਤਾਇਆ ਗਿਆ।ਇਸ ਧਾਰਮਿਕ ਸਮਾਗਮ ਵਿੱਚ ਭਗਤੀ ਭਜਨ ਗਰੁੱਪ ਦੇ ਮੈਂਬਰ ਕੈਲਾਸ਼ ਸ਼ਰਮਾ (ਚੇਅਰਮੈਨ),ਅਸ਼ੋਕ ਗਰਗ (ਪ੍ਰਧਾਨ),ਰਾਕੇਸ਼ ਪਾਠਕ (ਕੈਸ਼ੀਅਰ), ਤਰਲੋਚਨ ਚੋਪੜਾ,ਮੋਹਿੰਦਰ ਬਜਾਜ ਅਤੇ ਅਸ਼ੋਕ ਕੱਕੜ ਸ਼ਾਮਿਲ ਰਹੇ।


