ਫਿਰੋਜਪੁਰ 29 ਜੁਲਾਈ
{ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਜ਼ਿਲ੍ਹਾ ਫਿਰੋਜ਼ਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ (ਬਲਾਕ ਜੀਰਾ) ਨੇ ਟਰੈਫਿਕ ਪੁਲਿਸ ਜੀਰਾ ਦੇ ਸਹਿਯੋਗ ਨਾਲ ਦੂਨ ਵੈਲੀ ਸਕੂਲ ਕੈਂਬਰਿਜ਼ ਫਿਰੋਜਪੁਰ ਰੋਡ ਜੀਰਾ ਵਿਖੇ ਟਰੈਫਿਕ ਸੈਮੀਨਾਰ ਲਗਾਇਆ। ਸੈਮੀਨਾਰ ਨੂੰ ਸ: ਸਵਰਨ ਸਿੰਘ ਟਰੈਫਿਕ ਇੰਚਾਰਜ ਜੀਰਾ ਅਤੇ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨਜੀਓ ਕੋਆਰਡੀਨੇਸ਼ਨ ਕਮੇਟੀ (ਬਲਾਕ ਜੀਰਾ) ਨੇ ਸੰਬੋਧਨ ਕੀਤਾ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਲੈਕਚਰਾਰ ਨਰਿੰਦਰ ਸਿੰਘ ਨੇ 18 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਨੂੰ ਦੋ ਪਹੀਆ, ਚਾਰ ਪਹੀਆ ਵਾਹਨ ਨਾ ਚਲਾਉਣ ਲਈ ਪ੍ਰੇਰਤ ਕੀਤਾ। ਉਹਨਾਂ ਨੇ ਦੱਸਿਆ ਕਿ ਅਜਿਹਾ ਕਰਨ ਦੀ ਸੂਰਤ ਵਿੱਚ ਸਬੰਧਿਤ ਬੱਚਿਆਂ ਦੇ ਮਾਤਾ ਪਿਤਾ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਜਿਸ ਤਹਿਤ ਉਹਨਾਂ ਨੂੰ ਤਿੰਨ ਸਾਲ ਦੀ ਕੈਦ ਅਤੇ 25 ਹਜਾਰ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ। ਇਸੇ ਤਰ੍ਹਾਂ ਜੇਕਰ ਕੋਈ ਨਬਾਲਗ ਬੱਚਾ ਦੋ ਪਹੀਆ ਜਾ ਚਾਰ ਪਹੀਆ ਵਾਹਨ ਮੰਗ ਕੇ ਚਲਾਉਂਦਾ ਹੈ ਤਾਂ ਉਸ ਵਹੀਕਲ ਦੇ ਮਾਲਕ ਵਿਰੁੱਧ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ। ਉਹਨਾਂ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਕੈਦ ਅਤੇ ਚਲਾਨ ਤੋਂ ਨਹੀਂ ਸਗੋਂ ਆਪਣੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ। ਪ੍ਰਿੰਸੀਪਲ ਮਿਸਿਜ਼ ਰਜਨੀ ਸ਼ਰਮਾ ਨੇ ਸੈਮੀਨਾਰ ਲਗਾਉਣ ਤੇ ਟਰੈਫਿਕ ਪੁਲਿਸ ਜੀਰਾ ਅਤੇ ਐਨਜੀਓ ਕੋਆਰਡੀਨੇਸ਼ਨ ਕਮੇਟੀ ਜੀਰਾ ਦਾ ਧੰਨਵਾਦ ਕੀਤਾ। ਇਸ ਸਮੇਂ ਉਹਨਾਂ ਨਾਲ ਜਿਲਾ ਫਿਰੋਜਪੁਰ ਐਨਜੀਓ ਕੋਆਰਡੀਨੇਸ਼ਨ ਕਮੇਟੀ ਫਿਰੋਜਪੁਰ (ਜੀਰਾ) ਦੇ ਮੈਂਬਰ ਹਰਜੀਤ ਸਿੰਘ ਰਿਟਾਇਰਡ ਇੰਸਪੈਕਟਰ, ਅਸ਼ੋਕ ਕੁਮਾਰ ਪਲਤਾ ਰਿਟਾਇਰਡ ਐਸਡੀਓ ਅਤੇ ਸਕੂਲ ਵੱਲੋਂ ਮਨੀਸ਼ ਕੁਮਾਰ ਸ਼ਰਮਾ, ਆਸ਼ੀਸ਼ ਕੁਮਾਰ ਮਿਸ਼ਰਾ, ਗੁਰਸੇਵਕ ਸਿੰਘ, ਸੁਖਚੈਨ ਸਿੰਘ, ਸੁਖਜੀਤ ਕੌਰ, ਰਿੰਪਲ ਸ਼ਰਮਾ ਆਦਿ ਸਟਾਫ ਮੈਂਬਰ ਤੋਂ ਇਲਾਵਾ ਰਣਜੀਤ ਸਿੰਘ ਹੌਲਦਾਰ ਅਤੇ ਇਕਬਾਲ ਸਿੰਘ ਹੌਲਦਾਰ ਟਰੈਫਿਕ ਪੁਲਿਸ ਜੀਰਾ ਵੀ ਹਾਜ਼ਰ ਸਨ।