ਫ਼ਿਰੋਜ਼ਪੁਰ 27 ਜੁਲਾਈ (ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦ ਦਾਤਾ)-
ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੂੰਬੜੀ ਵਾਲਾ ਵੱਲੋਂ ਵਾਤਾਵਰਨ ਦੀ ਸੰਭਾਲ ਨੂੰ ਮੁੱਖ ਰੱਖਦੇ ਹੋਏ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਰੱਖਣ ਦੇ ਮੰਤਵ ਨਾਲ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਕੂਲ ਪ੍ਰਿੰਸੀਪਲ ਮੈਡਮ ਨੀਲਮ ਧਵਨ ਪੀ ਈ ਐੱਸ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸਿੱ) ਫ਼ਿਰੋਜ਼ਪੁਰ ਦੀ ਦਿਸ਼ਾ ਨਿਰਦੇਸ਼ਾ ਹੇਠ ਸਕੂਲ ਦੇ ਸਮੂਹ ਸਟਾਫ ਵੱਲੋਂ ਸਕੂਲ ਵਿੱਚ ਵੱਡੀ ਗਿਣਤੀ ਵਿੱਚ ਫਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ। ਉਹਨਾਂ ਸ਼ੁੱਧ ਵਾਤਾਵਰਨ ਪ੍ਰਤੀ ਜਾਗਰੂਕ ਕਰਦਿਆਂ ਦੱਸਿਆ ਕਿ ਅੱਜ ਦੇ ਸਮੇਂ ਵਾਤਾਵਰਨ ’ਚ ਕਈ ਦੂਸ਼ਿਤ ਰਸਾਇਣਿਕ ਗੈਸਾਂ ਦੀ ਭਰਮਾਰ ਹੋ ਗਈ ਹੈ। ਲੋਕਾਂ ਵੱਲੋਂ ਵੱਡੀ ਤਦਾਦ ਵਿਚ ਰੁੱਖਾਂ ਦੀ ਕਟਾਈ ਕੀਤੀ ਜਾ ਰਹੀ ਹੈ। ਇਹੋ ਜਿਹੇ ਵਾਤਾਵਰਨ ’ਚ ਆਕਸੀਜਨ ਦੀ ਘਾਟ ਕਾਰਨ ਸਾਹ ਲੈਣਾ ਔਖਾ ਹੋ ਜਾਂਦਾ ਹੈ ਤੇ ਕਈ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜੇਕਰ ਅਸੀਂ ਬੂਟੇ ਲਗਾਉਣ ਦੇ ਉਪਰਾਲੇ ਕਰਾਂਗੇ ਤਾਂ ਹੀ ਸਾਡਾ ਵਾਤਾਵਰਣ ਸ਼ੁੱਧ ਹੋਵੇਗਾ। ਰੁੱਖ ਜਿੱਥੇ ਮਨੁੱਖ ਲਈ ਸਹਾਇਕ ਸਿੱਧ ਹੁੰਦੇ ਹਨ, ਉੱਥੇ ਪੰਛੀਆਂ ਦੇ ਰੈਣ-ਬਸੇਰੇ ਦਾ ਵੀ ਕਾਰਨ ਬਣਦੇ ਹਨ। ਉਹਨਾਂ ਨੇ ਕਿਹਾ ਕਿ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ,ਅੱਜ ਲੋੜ ਹੈ ,ਸਾਨੂੰ ਸਾਰਿਆਂ ਨੂੰ ਰਲ ਕੇ ਕਿ ਅਸੀਂ ਪ੍ਰਦੂਸ਼ਿਤ ਵਾਤਾਵਰਨ ਦੇ ਖਾਤਮੇ ਲਈ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਆਪਣੇ ਆਲੇ ਦੁਆਲੇ ਰੁੱਖ ਲਗਾਈਏ । ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰਮੈਨ ਹਰਮੀਤ ਕੌਰ ਨੇ ਕਿਹਾ ਕਿ ਦਰੱਖਤਾਂ ਦੀ ਘਾਟ ਕਾਰਨ ਵਾਤਾਵਰਨ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਪੈਦਾ ਹੋ ਰਹੀ ਹੈ। ਧਰਤੀ ਦੇ ਪਾਣੀ ਦਾ ਸਤਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਇਸ ਲਈ ਸੋਕੇ ਤੋਂ ,ਬਿਮਾਰੀਆਂ ਬਚਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਅਸੀਂ ਬੂਟੇ ਲਗਾਈਏ ਅਤੇ ਉਨ੍ਹਾਂ ਦੀ ਸੰਭਾਲ ਕਰੀਏ। ਇਸ ਮੌਕੇ ਬੱਚਿਆਂ ਨੂੰ ਵੀ ਬੂਟੇ ਲਗਾਉਣ ਲਈ ਵੰਡੇ ਗਏ ਅਤੇ ਇਹਨਾਂ ਬੂਟਿਆਂ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਸ਼੍ਰੀ ਸੰਜੀਵ ਕੁਮਾਰ, ਮੈਡਮ ਸੁਨੀਤਾ ਰਾਣੀ , ਸ਼੍ਰੀ ਲਖਵਿੰਦਰ ਸਿੰਘ, ਗੁਰਬਖਸ਼ ਸਿੰਘ, ਮੈਡਮ ਵਿਨੀ ਥਿੰਦ, ਸੁਖਦੇਵ ਸਿੰਘ, ਤਰਸੇਮ ਸਿੰਘ, ਤੇਜਿੰਦਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਪਿੰਡ ਦੇ ਵਾਤਾਵਰਨ ਪ੍ਰੇਮੀ ਹਾਜ਼ਰ ਸਨ।