
(ਪੰਜਾਬ) ਫਿਰੋਜਪੁਰ 02 ਮਈ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ, ਫਿਰੋਜ਼ਪੁਰ ਵਿੱਚ ਮਜ਼ਦੂਰ ਦਿਵਸ ਬੜੇ ਹੀ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਮਜ਼ਦੂਰ ਵਰਗ ਦੀ ਮਹਾਨਤਾ, ਉਨ੍ਹਾਂ ਦੀ ਕਠਿਨ ਮਿਹਨਤ ਅਤੇ ਸਮਾਜ ਦੇ ਵਿਕਾਸ ਵਿੱਚ ਉਨ੍ਹਾਂ ਦੇ ਅਹਿਮ ਯੋਗਦਾਨ ਨੂੰ ਸਲਾਮ ਕਰਨਾ ਸੀ। ਸ਼੍ਰੀ ਧਰਮਪਾਲ ਬਾਂਸਲ ਜੀ (ਸੰਸਥਾਪਕ ਭਗਤੀ ਭਜਨ ਗਰੁੱਪ, ਸ਼ਹੀਦ ਭਗਤ ਸਿੰਘ ਕਾਲਜ ਆਫ ਨਰਸਿੰਗ ਫਿਰੋਜਪੁਰ ਅਤੇ ਹਾਰਮਨੀ ਵਨਿਅਮ, ਹਾਰਮਨੀ ਆਯੂਰਵੈਦਿਕ ਕਾਲਜ) ਵੱਲੋਂ ਸਾਰੇ ਮਜ਼ਦੂਰਾਂ ਨੂੰ ਇਸ ਦਿਨ ਵਧਾਈ ਦਿੱਤੀ। ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਇਸ ਦਿਨ ਨੂੰ ਯਾਦਗਾਰ ਬਣਾਇਆ। ਸਮਾਗਮ ਦੀ ਸ਼ੁਰੂਆਤ ਕਾਲਜ ਕੈਂਪਸ ਵਿੱਚ ਮਜ਼ਦੂਰਾਂ ਦੇ ਸਨਮਾਨ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਨਾਲ ਹੋਈ। ਵਿਦਿਆਰਥੀਆਂ ਵੱਲੋਂ ਮਜ਼ਦੂਰ ਦਿਵਸ ਦੀ ਮਹੱਤਤਾ ਬਾਰੇ ਭਾਸ਼ਣ, ਕਵਿਤਾਵਾਂ ਅਤੇ ਨਾਟਕ ਪੇਸ਼ ਕੀਤੇ ਗਏ, ਜਿਨ੍ਹਾਂ ਰਾਹੀਂ ਮਜ਼ਦੂਰਾਂ ਦੀ ਜ਼ਿੰਦਗੀ, ਸੰਘਰਸ਼ ਅਤੇ ਉਨ੍ਹਾਂ ਦੀ ਮਿਹਨਤ ਨੂੰ ਦਰਸਾਇਆ ਗਿਆ। ਵਿਦਿਆਰਥੀਆਂ ਨੇ ਦੱਸਿਆ ਕਿ ਹਰ ਇਕ ਇਮਾਰਤ, ਸੜਕ ਅਤੇ ਤਰੱਕੀ ਦੇ ਪਿੱਛੇ ਮਜ਼ਦੂਰਾਂ ਦੀ ਅਟੱਲ ਮਿਹਨਤ ਲੁਕੀ ਹੋਈ ਹੈ। ਸ਼੍ਰੀ ਧਰਮਪਾਲ ਬਾਂਸਲ ਨੇ ਆਪਣੇ ਸੰਬੋਧਨ ਵਿੱਚ ਮਜ਼ਦੂਰਾਂ ਦੀ ਸਮਾਜ ਵਿੱਚ ਮਹੱਤਵਪੂਰਨ ਭੂਮਿਕਾ ਨੂੰ ਰੋਸ਼ਨ ਕੀਤਾ ਅਤੇ ਕਿਹਾ ਕਿ ਮਜ਼ਦੂਰ ਕਿਸੇ ਵੀ ਦੇਸ਼ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਮਜ਼ਦੂਰਾਂ ਦੀ ਇਜ਼ਤ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਆਵਾਜ਼ ਉਠਾਉਣ।
ਇਸ ਮੌਕੇ ਕਾਲਜ ਦੇ ਸਹਾਇਕ ਕਰਮਚਾਰੀਆਂ ਅਤੇ ਮਜ਼ਦੂਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਵਿਦਿਆਰਥੀਆਂ ਨੇ ਮਜ਼ਦੂਰਾਂ ਨਾਲ ਮਿਲ ਕੇ ਕਾਲਜ ਕੈਂਪਸ ਦੀ ਸਫ਼ਾਈ ਕਰਕੇ “ਕਿਰਤ ਦੀ ਇਜ਼ਤ” ਦਾ ਸੰਦੇਸ਼ ਦਿੱਤਾ। ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਣਾ ਦਾਇਕ ਸਾਬਤ ਹੋਇਆ। ਇਸ ਦਿਹਾੜੇ ਨੇ ਸਭ ਨੂੰ ਇਹ ਸਿੱਖਿਆ ਦਿੱਤੀ ਕਿ ਮਜ਼ਦੂਰਾਂ ਦੀ ਮਿਹਨਤ ਅਤੇ ਯੋਗਦਾਨ ਦੀ ਕਦਰ ਕਰਨਾ ਸਾਡਾ ਫਰਜ ਹੈ।
ਸਮਾਗਮ ਦੇ ਅੰਤ ਵਿੱਚ ਸਭ ਨੇ ਮਜ਼ਦੂਰ ਵਰਗ ਦੇ ਸਨਮਾਨ ਅਤੇ ਸਮਾਜਿਕ ਬਰਾਬਰੀ ਲਈ ਮਿਲਜੁਲ ਕੇ ਕੰਮ ਕਰਨ ਦਾ ਸੰਕਲਪ ਲਿਆ। ਇਸ ਮੌਕੇ ਸੋਨੂੰ, ਅਨਿਲ ਕੁਮਾਰ, ਅਮਰਜੀਤ ਕੌਰ, ਰਾਜਵਿੰਦਰ ਕੌਰ, ਦੀਪੂ, ਰਾਜਵਿੰਦਰ ਕੌਰ, ਕਿਰਨਾ, ਪਰਵੀਨ, ਮਨਜਿੰਦਰ, ਵਿਪਨ ਕੁਮਾਰ, ਅਜੈ, ਬਿਲੂ, ਹੰਸਰਾਜ, ਸੁਰਜੀਤ, ਮੇਜਰ ਸਿੰਘ, ਕਰਨ, ਸੰਦੀਪ ਸਿੰਘ, ਸੁਖਾ ਆਦਿ ਮਜ਼ਦੂਰ ਸ਼ਾਮਿਲ ਰਹੇ।


