
26 ਮਈ ਨੂੰ ਪੈਣਗੀਆਂ ਵੋਟਾਂ, 29 ਮਈ ਨੂੰ ਐਲਾਨੇ ਜਾਣਗੇ ਨਤੀਜ਼ੇ
19 ਮਈ ਨੂੰ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਲੈ ਸਕਣਗੇ ਵਾਪਸ
(ਪੰਜਾਬ) ਫ਼ਿਰੋਜ਼ਪੁਰ, 18 ਮਈ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅਧੀਨ ਆਉਂਦੀਆਂ ਨਗਰ ਕੌਂਸਲ ਫ਼ਿਰੋਜ਼ਪੁਰ, ਜ਼ੀਰਾ, ਤਲਵੰਡੀ ਭਾਈ ਅਤੇ ਨਗਰ ਪੰਚਾਇਤ ਮੁੱਦਕੀ ਦੀਆਂ 26 ਮਈ 2026 ਨੂੰ ਹੋਣ ਵਾਲੀਆਂ ਚੋਣਾਂ ਲਈ ਕੁੱਲ 409 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ, ਜਿੰਨਾ ਦੀ ਪੜਤਾਲ ਉਪਰੰਤ 40 ਨਾਮਜ਼ਦਗੀ ਪੱਤਰ ਰੱਦ ਕੀਤੇ ਗਏ ਤੇ 369 ਉਮੀਦਵਾਰ ਯੋਗ ਪਾਏ ਗਏ ਹਨ।
ਉਨ੍ਹਾਂ ਨਾਮਜ਼ਦਗੀ ਪੱਤਰਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਫ਼ਿਰੋਜ਼ਪੁਰ ਤੋਂ 173, ਜ਼ੀਰਾ ਤੋਂ 111 ਅਤੇ ਤਲਵੰਡੀ ਭਾਈ ਤੋਂ 67 ਅਤੇ ਮੁੱਦਕੀ ਤੋਂ 18 ਉਮੀਦਵਾਰ ਯੋਗ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਉਮੀਦਵਾਰ 19 ਮਈ ਨੂੰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 128457 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ ਜਿਨਾਂ ਵਿੱਚੋਂ 61091 ਮਰਦ ਅਤੇ 67360 ਔਰਤਾਂ ਜਦਕਿ 6 ਅਦਰ ਵੋਟਰ ਹਨ। ਉਨ੍ਹਾਂ ਕਿਹਾ ਕਿ ਚੋਣਾਂ ਸਬੰਧੀ ਕਿਸੇ ਪ੍ਰਕਾਰ ਦੀ ਜਾਣਕਾਰੀ ਲਈ ਸੰਬਧਤ ਰਿਟਰਨਿੰਗ ਅਫ਼ਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਕੁੱਲ 76 ਵਾਰਡਾਂ ਵਿੱਚ 145 ਪੋਲਿੰਗ ਬੂਥ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਫ਼ਿਰੋਜ਼ਪੁਰ ਵਿੱਚ 33 ਵਾਰਡ ਤੇ 85 ਪੋਲਿੰਗ ਬੂਥ, ਮੁੱਦਕੀ ਨਗਰ ਪੰਚਾਇਤ ਵਿੱਚ 13 ਵਾਰਡ ਤੇ 13 ਪੋਲਿੰਗ ਬੂਥ, ਨਗਰ ਕੌਂਸਲ ਤਲਵੰਡੀ ਭਾਈ ਵਿੱਚ 13 ਵਾਰਡ ਤੇ 16 ਪੋਲਿੰਗ ਬੂਥ, ਨਗਰ ਕੌਂਸਲ ਜ਼ੀਰਾ ਵਿੱਚ 17 ਵਾਰਡ ਤੇ 31 ਪੋਲਿੰਗ ਬੂਥ ਬਣਾਏ ਗਏ ਹਨ। 26 ਮਈ ਨੂੰ ਸਵੇਰੇ 08:00 ਵਜੇ ਤੋਂ ਸ਼ਾਮ 05:00 ਵਜੇ ਤੱਕ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਵੋਟਾਂ ਦੀ ਗਿਣਤੀ ਹੋਵੇਗੀ।
ਉਨ੍ਹਾਂ ਸਾਰੇ ਵੋਟਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਿਨਾਂ ਕਿਸੇ ਡਰ, ਲਾਲਚ ਦੇ ਪੂਰੀ ਜ਼ਿੰਮੇਵਾਰੀ ਨਾਲ ਕਰਨ ਦੀ ਅਪੀਲ ਕੀਤੀ।


