Uncategorized

ਐਸ.ਬੀ.ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਦੇ ਉੱਪ ਕੁਲਪਤੀ ਨੇ ਪੰਜਾਬ ਦੇ ਮਾਣਯੋਗ ਰਾਜਪਾਲ ਨਾਲ ਕੀਤੀ ਮੁਲਾਕਾਤ ।ਯੂਨੀਵਰਸਿਟੀ ਦੇ ਵਿਕਾਸ ਐਜੰਡੇ ‘ਤੇ ਕੀਤੀ ਵਿਸਥਾਰ ਸਾਹਿਤ ਚਰਚਾ

(ਪੰਜਾਬ) ਫਿਰੋਜ਼ਪੁਰ 31 ਜਨਵਰੀ 2026 {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=

    ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫ਼ਿਰੋਜ਼ਪੁਰ ਦੇ ਮਾਣਯੋਗ ਕੁਲਪਤੀ ਪ੍ਰੋ. (ਡਾ.) ਸੁਰੇਸ਼ ਸ਼ਰਮਾ ਜੀ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਗ਼ਜ਼ਲਪ੍ਰੀਤ ਸਿੰਘ ਦੇ ਨਾਲ ਮਿਲ ਕੇ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਤੇ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨਾਲ ਰਾਜ ਭਵਨ ਵਿਖੇ ਮੁਲਾਕਾਤ ਕੀਤੀ। ਓਹਨਾ  ਵੱਲੋਂ ਯੂਨੀਵਰਸਿਟੀ ਦੇ ਸਮੁੱਚੇ ਵਿਕਾਸ, ਪ੍ਰਮੁੱਖ ਵਿਕਾਸਾਤਮਕ ਪਹਿਲਕਦਮੀਆਂ ਅਤੇ ਭਵਿੱਖੀ ਵਿਕਾਸ ਸਬੰਧੀ ਵਿਸਥਾਰਪੂਰਕ ਅਤੇ ਅਰਥਪੂਰਨ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਸ਼ੇਸ਼ ਤੌਰ ‘ਤੇ ਅਕਾਦਮਿਕ ਗੁਣਵੱਤਾ, ਬੁਨਿਆਦੀ ਢਾਂਚੇ, ਨਵੀਨਤਾ ਅਤੇ ਖੇਤਰੀ ਤੇ ਰਾਸ਼ਟਰੀ ਵਿਕਾਸ ਵਿੱਚ ਯੂਨੀਵਰਸਿਟੀ ਦੀ ਵਧ ਰਹੀ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ।

         ਮੁਲਾਕਾਤ ਦੌਰਾਨ ਯੂਨੀਵਰਸਿਟੀ ਪ੍ਰਬੰਧਨ ਵੱਲੋਂ ਸੰਸਥਾ ਦੇ ਸਮੁੱਚੇ ਵਿਕਾਸ ਅਤੇ ਜ਼ਰੂਰੀ ਬੁਨਿਆਦੀ ਅਤੇ ਵਿਕਾਸ ਸੰਬੰਧੀ ਲੋੜਾਂ ਬਾਰੇ ਮਾਣਯੋਗ  ਗਵਰਨਰ ਜੀ ਨੂੰ ਅਗਾਹ ਕੀਤਾ ਗਿਆ। ਇਨ੍ਹਾਂ ਵਿੱਚ ਮੁੱਖ ਤੌਰ ‘ਤੇ ਕੈਂਪਸ ਦੀ ਡਬਲ ਰੋਡ ਦੀ ਮੁਰੰਮਤ ਅਤੇ ਕਾਰਪੇਟਿੰਗ, ਯੂਨੀਵਰਸਿਟੀ ਦੀ ਨੁਕਸਾਨੀ ਹੋਈ ਚਾਰਦੀਵਾਰੀ ਦੀ ਮੁਰੰਮਤ ਅਤੇ ਦੁਬਾਰਾ ਨਿਰਮਾਣ, ਅਕਾਦਮਿਕ, ਸਾਂਸਕ੍ਰਿਤਿਕ ਅਤੇ ਸਰਕਾਰੀ ਸਮਾਗਮਾਂ ਲਈ ਇੱਕ ਵੱਖਰੇ ਆਡੀਟੋਰੀਅਮ ਦੀ ਨਿਰਮਾਣ, ਅਤੇ ਮਹਾਨੁਭਾਵਾਂ, ਵਿਦਵਾਨਾਂ ਅਤੇ ਅਧਿਕਾਰੀਆਂ ਦੀ ਮੇਜ਼ਬਾਨੀ ਲਈ ਇੱਕ ਵੱਖਰੇ ਗੈਸਟ ਹਾਊਸ ਦੀ ਲੋੜ ਸ਼ਾਮਲ ਸੀ। ਇਸ ਦੇ ਨਾਲ ਨਾਲ ਕੈਂਪਸ ਦੀਆਂ ਮਜੂਦਾ ਅਕਾਦਮਿਕ, ਹੋਸਟਲਾਂ ਤੇ ਰਿਹਾਇਸ਼ੀ ਤੇ ਹੋਰ ਬਿਲਡਿੰਗਾਂ ਦੀ ਜ਼ਰੂਰੀ ਮੁਰੰਮਤ ਆਦਿ ਨੂੰ ਵੀ ਰੇਖਾਂਕਿਤ ਕੀਤਾ ਗਿਆ, ਤਾਂ ਜੋ ਇੱਕ ਸੁਰੱਖਿਅਤ, ਸਾਫ਼-ਸੁਥਰਾ ਅਤੇ ਅਨੁਕੂਲ ਅਕਾਦਮਿਕ ਅਤੇ ਰਿਹਾਇਸ਼ੀ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ।

      ਯੂਨੀਵਰਸਿਟੀ ਵੱਲੋਂ ਅਕਾਦਮਿਕ ਵਿਸਤਾਰ ਅਤੇ ਭਵਿੱਖੀ ਤਿਆਰੀ ਦੇ ਤਹਿਤ ਆਉਣ ਵਾਲੇ ਅਕਾਦਮਿਕ ਸੈਸ਼ਨ ਤੋਂ ਨਵੇਂ ਰੋਜ਼ਗਾਰ-ਕੇਂਦਰਿਤ ਅਤੇ ਪੇਸ਼ੇਵਰ ਕੋਰਸ ਸ਼ੁਰੂ ਕਰਨ ਦੀ ਯੋਜਨਾ ਵੀ ਸਾਂਝੀ ਕੀਤੀ ਗਈ। ਰਾਸ਼ਟਰੀ ਅਤੇ ਵਿਸ਼ਵ ਪੱਧਰ ‘ਤੇ ਉਭਰ ਰਹੀਆਂ ਲੋੜਾਂ ਦੇ ਅਨੁਸਾਰ ਅਤੇ ਵਿਦਿਆਰਥੀਆਂ ਦੀ ਰੋਜ਼ਗਾਰਯੋਗਤਾ ਵਧਾਉਣ ਦੇ ਉਦੇਸ਼ ਨਾਲ ਕ੍ਰਿਤ੍ਰਿਮ ਬੁੱਧੀਮਤਾ (AI), ਮਸ਼ੀਨ ਲਰਨਿੰਗ, ਬਾਇਓਇਨਫੋਰਮੈਟਿਕਸ, ਅਰਥਸ਼ਾਸਤਰ, ਮੈਡੀਕਲ ਲੈਬੋਰੇਟਰੀ ਟੈਕਨੋਲੋਜੀ, ਸਕੂਲ ਆਫ ਪਬਲਿਕ ਹੈਲਥ ਅਤੇ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟਡੀਜ਼ ਵਰਗੇ ਵਿਸ਼ਿਆਂ ਵਿੱਚ ਨਵੇਂ ਕੋਰਸ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਗਈ। ਮੁਲਾਕਾਤ ਦਾ ਸਮਾਪਨ ਇਸ ਭਰੋਸੇ ਨਾਲ ਹੋਇਆ ਕਿ ਮਹਾਮਹਿਮ ਵੱਲੋਂ ਯੂਨੀਵਰਸਿਟੀ ਦੀ ਅਕਾਦਮਿਕ ਸ਼੍ਰੇਸ਼ਠਤਾ, ਬੁਨਿਆਦੀ ਢਾਂਚੇ ਅਤੇ ਸਮੁੱਚੇ ਸੰਸਥਾਗਤ ਵਿਕਾਸ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ।

Related Articles

Leave a Reply

Your email address will not be published. Required fields are marked *

Back to top button
plz call me jitendra patel