ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐਸ.ਪੀ. ਉਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ

1200 ਟਨ ਚਾਰੇ ਦੀ ਵੱਡੀ ਸਪਲਾਈ–ਪਸ਼ੂਆਂ ਨੂੰ ਨਹੀਂ ਰਹਿਣ ਦਿੱਤਾ ਜਾਵੇਗਾ ਭੁੱਖਾ
ਡਾ ਓਬਰਾਏ ਨੇ ਕਿਹਾ ਕਿ ਪ੍ਰਸ਼ਾਸਨ ਨਾਲ ਮਿਲਕੇ ਬਣਾਈ ਜਾ ਰਹੀ ਹੈ ਯੋਜਨਾ
ਉਨ੍ਹਾ ਕਿਹਾ ਕਿ ਅਗਲੇ ਪੜਾਅ ਵਿੱਚ ਮੈਡੀਸਨ ਅਤੇ ਘਰਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ
(ਪੰਜਾਬ) ਫਿਰੋਜ਼ਪੁਰ/ਮੱਲਾਂ ਵਾਲਾ,04 ਸਤੰਬਰ =ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਉੱਘੇ ਸਮਾਜ ਸੇਵੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਟਰੱਸਟੀ ਡਾ ਐਸ ਪੀ ਸਿੰਘ ਉਬਰਾਏ ਅਤੇ ਉਹਨਾਂ ਦੇ ਨਾਲ ਉਹਨਾਂ ਦੇ ਭਰਾ ਗੁਰਜੀਤ ਸਿੰਘ ਉਬਰਾਏ ਵੱਲੋਂ ਮੱਲਾਂ ਵਾਲਾ ਦੇ ਨਾਲ ਲੱਗਦੇ ਪਿੰਡ ਫੱਤੇ ਵਾਲਾ,ਪਿੰਡ ਆਹਲੇ ਵਾਲਾ ਵਿੱਚ ਪਹੁੰਚ ਕੇ ਪਿੰਡ ਵਾਸੀਆਂ ਦਾ ਦੁੱਖ ਸੁਣਿਆ ਅਤੇ ਮੱਦਦ ਦਾ ਭਰੋਸਾ ਦਿਵਾਇਆ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ 100 ਕੁਇੰਟਲ ਚਾਰਾ ਮੱਕੀ ਦਾ ਅਚਾਰ , ਵੱਡੀ ਮਾਤਰਾ ਵਿੱਚ ਮੱਛਰਦਾਨੀਆਂ, ਅਤੇ ਤਰਪਾਲਾਂ ਵੰਡੀਆਂ ਗਈਆਂ ਅਤੇ ਵਿਸ਼ਵਾਸ ਦਵਾਇਆ ਕਿ ਲੋੜ ਪੈਣ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ। ਡਾ ਓਬਰਾਏ ਵੱਲੋਂ ਫਤਿਹਗੜ੍ਹ ਸਭਰਾਂ ਤੋਂ ਲੈਕੇ ਮੱਲਾਂ ਵਾਲਾ ਦੇ ਬੰਨ੍ਹ ਦੇ ਨਾਲ ਲੱਗਦੇ ਸਾਰੇ ਪਿੰਡਾਂ ਦਾ ਦੌਰਾ ਕੀਤਾ ਗਿਆ ਉਹਨਾਂ ਕਿਹਾ ਕਿ ਇਹ ਪੰਜਾਬ ਲਈ ਮੁਸ਼ਕਲ ਘੜੀ ਹੈ, ਪਰ ਪੰਜਾਬੀ ਆਪਸੀ ਇਕਜੁੱਟਤਾ ਨਾਲ਼ ਹਰ ਮੁਸੀਬਤ ਦਾ ਸਾਹਮਣਾ ਕਰ ਰਹੇ ਹਨ।
ਡਾ ਓਬਰਾਏ ਦੀ ਯੋਗ ਅਗਵਾਈ ਵਿੱਚ ਅਤੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਜੀ ਦੀ ਦੇਖ ਰੇਖ ਹੇਠ ਵੱਖ ਵੱਖ ਜ਼ਿਲ੍ਹਿਆਂ ਵਿੱਚ ਟਰੱਸਟ ਦੇ ਵਲੰਟੀਅਰ ਦਿਨ ਰਾਤ ਸੇਵਾਵਾਂ ਨਿਭਾ ਰਹੇ ਹਨ।
ਡਾ ਉਬਰਾਏ ਨੇ ਕਿਹਾ ਕਿ ਟਰੱਸਟ ਵੱਲੋਂ ਲਗਭਗ 1200 ਟਨ ਚਾਰਾ ਬੁੱਕ ਕੀਤਾ ਗਿਆ ਹੈ। ਹੁਣ ਤੱਕ ਸਾਢੇ ਤਿੰਨ ਸੌ ਟਨ ਚਾਰਾ ਭੇਜਿਆ ਜਾ ਚੁੱਕਾ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਜਦ ਤਕ ਲੋੜ ਹੈ, ਸਪਲਾਈ ਜਾਰੀ ਰਹੇਗੀ ਅਤੇ ਕੋਈ ਵੀ ਪਸ਼ੂ ਭੁੱਖਾ ਨਹੀਂ ਰਹੇਗਾ। ਜਿੱਥੇ ਵੀ ਕਿਤੇ ਲੋੜ ਪੈ ਰਹੀ ਲੋੜ ਹੈ ਸੁੱਕਾ ਰਾਸ਼ਨ ਵੀ ਟਰੱਸਟ ਵੱਲੋਂ ਵੰਡਿਆ ਜਾ ਰਿਹਾ ਹੈ ।
ਡਾ. ਉਬਰਾਏ ਨੇ ਪ੍ਰਸ਼ਾਸਨ, ਪੁਲਿਸ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕੀਤਾ ਜਿਹੜੇ ਇਕੱਠੇ ਹੋ ਕੇ ਸਹਾਇਤਾ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਦੇ ਡੀਸੀ ਦਫ਼ਤਰਾਂ ਨਾਲ਼ ਮਿਲ ਕੇ ਇਹ ਯੋਜਨਾ ਬਣਾਈ ਜਾ ਰਹੀ ਹੈ ਕਿ ਕਿਹੜੇ ਪਿੰਡ ਵਿੱਚ ਕਿਹੜੀ ਸਹੂਲਤ ਦੀ ਲੋੜ ਹੈ, ਤਾਂ ਜੋ ਮੱਦਦ ਸੁਚੱਜੇ ਤਰੀਕੇ ਨਾਲ਼ ਪਹੁੰਚ ਸਕੇ ।
ਐਸ ਡੀ ਐਮ ਜੀਰਾ ਸ ਰਵਿੰਦਰ ਪਾਲ ਸਿੰਘ ਅਤੇ ਤਹਿਸੀਲਦਾਰ ਪਰਮਪਾਲ ਸਿੰਘ ਪ੍ਰਸ਼ਾਸਨ ਅਧਿਕਾਰੀਆਂ ਦੇ ਵਿਸ਼ੇਸ਼ ਸਹਿਯੋਗ ਨਾਲ ਸਾਰਾ ਸਮਾਨ ਸਹੀ ਲੋੜਵੰਦਾਂ ਤੱਕ ਵੰਡਿਆ ਗਿਆ।
ਡਾ ਉਬਰਾਏ ਨੇ ਦੱਸਿਆ ਕਿ ਜਿਵੇਂ ਹੀ ਪਾਣੀ ਘਟਣਾ ਸ਼ੁਰੂ ਹੋਵੇਗਾ ਅਗਲੀ ਲੋੜ ਦਵਾਈਆਂ ਅਤੇ ਘਰਾਂ ਦੀ ਮੁਰੰਮਤ ਦੀ ਹੋਵੇਗੀ। ਟਰੱਸਟ ਵੱਲੋਂ ਪਸ਼ੂਆਂ ਅਤੇ ਲੋਕਾਂ ਲਈ ਦਵਾਈਆਂ ਦੀ ਵੱਡੀ ਸਪਲਾਈ ਅਤੇ ਡਾਕਟਰਾਂ ਦੀ ਟੀਮ ਤਿਆਰ ਕੀਤੀ ਜਾ ਰਹੀ ਹੈ। 2023 ਵਿੱਚ ਜਿਵੇਂ ਪੰਜਾਬ ਵਿੱਚ ਟਰੱਸਟ ਵੱਲੋਂ 300 ਘਰਾਂ ਦੀ ਮੁਰੰਮਤ ਕੀਤੀ ਗਈ ਸੀ, ਉਸੇ ਤਰ੍ਹਾਂ ਇਸ ਵਾਰੀ ਵੀ ਕੀਤਾ ਜਾਵੇਗਾ।
ਪੀੜਤ ਲੋਕਾਂ ਨੇ ਕਿਹਾ ਕਿ ਜਦੋਂ ਵੀ ਹੜਾਂ ਕਾਰਨ ਸਾਡੇ ਤੇ ਮੁਸੀਬਤ ਪਈ ਉਦੋਂ ਹੀ ਓਬਰਾਏ ਨੇ ਸਾਡੀ ਮੱਦਦ ਕੀਤੀ ਹੈ ਉਹ ਹਮੇਸ਼ਾ ਹੀ ਸਹਾਇਤਾ ਲਈ ਅੱਗੇ ਆਉਂਦੇ ਹਨ। ਇਸ ਵੇਲੇ ਸਭ ਤੋਂ ਵੱਡੀ ਲੋੜ ਪਸ਼ੂਆਂ ਲਈ ਚਾਰੇ ਦੀ ਹੈ, ਜਿਸਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ ਵੱਡਾ ਕੰਮ ਕੀਤਾ ਜਾ ਰਿਹਾ ਹੈ ਜਿਸ ਲਈ ਪਿੰਡ ਵਾਸੀਆਂ ਵੱਲੋਂ ਧੰਨਵਾਦ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ,ਕੈਸ਼ੀਅਰ ਵਿਜੈ ਕੁਮਾਰ ਬਹਿਲ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ,ਫੱਤੇ ਵਾਲਾ ਸਕੂਲ ਦੇ ਚੇਅਰਮੈਨ ਲਖਵੀਰ ਸਿੰਘ,ਪਿ੍ੰਸੀਪਲ ਸੁਖਵਿੰਦਰ ਸਿੰਘ,ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ,ਲੈਬ ਇੰਚਾਰਜ ਜੀਰਾ ਜਗਸੀਰ ਸਿੰਘ ਮਹਾਂਵੀਰ ਸਿੰਘ,ਰਾਮ ਸਿੰਘ ਹਾਜ਼ਰ ਸਨ।




