ਸਰਕਾਰਾਂ ਬਦਲੀਆਂ ਪਰ ਹਾਲਾਤ ਨਹੀਂ, ਸੂਬੇ ਭਰ ਦੇ ਕੰਪਿਊਟਰ ਅਧਿਆਪਕ ਨਮੋਸ਼ੀ ਦੇ ਆਲਮ ਵਿਚ, ਜਲਦ ਵਿੱਢਣਗੇ ਸੰਘਰਸ਼ ਦੀਵਾਲੀ, ਗੁਰਪੁਰਬ ਅਤੇ ਹਿਮਾਚਲ ਚੋਣਾਂ ਤੋਂ ਬਾਅਦ ਵੀ ਨਹੀਂ ਮਿਲਿਆ ‘ਦੀਵਾਲੀ ਦਾ ਤੋਹਫ਼ਾ’

ਸਰਕਾਰਾਂ ਬਦਲੀਆਂ ਪਰ ਹਾਲਾਤ ਨਹੀਂ, ਸੂਬੇ ਭਰ ਦੇ ਕੰਪਿਊਟਰ ਅਧਿਆਪਕ ਨਮੋਸ਼ੀ ਦੇ ਆਲਮ ਵਿਚ, ਜਲਦ ਵਿੱਢਣਗੇ ਸੰਘਰਸ਼ ਦੀਵਾਲੀ, ਗੁਰਪੁਰਬ ਅਤੇ ਹਿਮਾਚਲ ਚੋਣਾਂ ਤੋਂ ਬਾਅਦ ਵੀ ਨਹੀਂ ਮਿਲਿਆ ‘ਦੀਵਾਲੀ ਦਾ ਤੋਹਫ਼ਾ’

ਫ਼ਿਰੋਜ਼ਪੁਰ 20 ਨਵੰਬਰ [ਕੈਲਾਸ਼ ਸ਼ਰਮਾ ਜ਼ਿਲਾ ਵਿਸ਼ੇਸ਼ ਸੰਵਾਦਦਾਤਾ]:=

ਸੂਬੇ ਭਰ ਦੇ ਸਰਕਾਰੀ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਕੰਪਿਊਟਰ ਅਧਿਆਪਕ ਪਿਛਲੇ ਲਗਭਗ ਡੇਢ ਦਹਾਕੇ ਤੋਂ ਵੀ ਵੱਧ ਦੇ ਸਮੇਂ ਤੋਂ ਆਪਣੇ ਜਾਇਜ਼ ਹੱਕਾਂ ਦੇ ਲਈ ਸੰਘਰਸ਼ ਕਰ ਰਹੇ ਹਨ ਪਰ ਤ੍ਰਾਸਦੀ ਵਾਲੀ ਗੱਲ ਹੈ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਸੂਬੇ ਵਿਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਨੂੰ ਕੁੱਝ ਆਸ ਬੱਝੀ ਸੀ ਪਰ ਹੁਣ ਇਹ ਵੀ ਆਸ ਮੱਧਮ ਪੈਂਦੀ ਜਾ ਰਹੀ ਹੈ ਅਤੇ ਕੰਪਿਊਟਰ ਅਧਿਆਪਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰ ਰਹੇ ਹਨ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਤੰਬਰ ਮਹੀਨੇ ਵਿਚ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਜਾਇਜ਼ ਮੰਗਾਂ ਨੂੰ ਦੀਵਾਲੀ ਮੌਕੇ ‘ਤੋਹਫ਼ੇ’ ਦੇ ਰੂਪ ਵਿਚ ਪੂਰਾ ਕਰਨ ਦਾ ਐਲਾਨ ਕੀਤਾ ਸੀ ਪਰ ਦੀਵਾਲੀ ਮਗਰੋਂ ਗੁਰਪੁਰਬ ਅਤੇ ਫਿਰ ਹਿਮਾਚਲ ਚੋਣਾਂ ਵੀ ਲੰਘ ਜਾਣ ਦੇ ਬਾਅਦ ਵੀ ਇਹ ਐਲਾਨ ਪੂਰਾ ਨਹੀਂ ਹੋਇਆ ਜਿਸ ਦੇ ਚਲਦੇ ਹੁਣ ਸੂਬੇ ਭਰ ਦੇ ਕੰਪਿਊਟਰ ਅਧਿਆਪਕ ਨਮੋਸ਼ੀ ਦੇ ਆਲਮ ਵਿਚ ਹਨ ਅਤੇ ਜਲਦ ਹੀ ਸੰਘਰਸ਼ ਵਿੱਢਣ ਦੇ ਲਈ ਤਿਆਰੀ ਕਰ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਕੰਪਿਊਟਰ ਫੈਕਲਟੀ ਐਸੋਸੀਏਸ਼ਨ, ਪੰਜਾਬ ਦੇ ਸਟੇਟ ਕਮੇਟੀ ਮੈਂਬਰ ਲਖਵਿੰਦਰ ਸਿੰਘ ਅਤੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਸੋਢੀ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਕੀਤਾ। ਦੱਸ ਦੇਈਏ ਕਿ ਆਮ ਆਦਮੀ ਪਾਰਟੀ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਵੀ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਪੂਰਾ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਸਬੰਧੀ ਹਾਲੇ ਤੱਕ ਗੱਲ ਕਿਸੇ ਤਣ ਪੱਤਣ ਨਹੀਂ ਲੱਗੀ।

ਸਾਂਝੀ ਮੀਟਿੰਗ ਵਿਚ ਉਲੀਕੀ ਜਾਵੇਗੀ ਸੰਘਰਸ਼ ਦੀ ਰੂਪ ਰੇਖਾ
ਜਥੇਬੰਦੀ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਦੀ ਬੇਰੁਖ਼ੀ ਦੇ ਚਲਦੇ ਕੰਪਿਊਟਰ ਅਧਿਆਪਕ ਸੰਘਰਸ਼ ਕਰਨ ਦੇ ਲਈ ਮਜਬੂਰ ਹਨ ਅਤੇ ਜਦੋਂ ਤੱਕ ਉਨ੍ਹਾਂ ਦੇ ਜਾਇਜ਼ ਹੱਕ ਬਹਾਲ ਨਹੀਂ ਕਰ ਦਿੱਤੇ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ 26 ਨਵੰਬਰ ਨੂੰ ਲੁਧਿਆਣਾ ਵਿਖੇ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਜਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਲੜੀਵਾਰ ਸੰਘਰਸ਼ ਸਬੰਧੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਸੂਬੇ ਭਰ ਵਿਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਅਤੇ ਇਸ ਮੀਟਿੰਗ ਵਿਚ ਜੋ ਵੀ ਫੈਸਲਾ ਹੋਵੇਗਾ ਉਸ ਅਨੁਸਾਰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

ਕੀ ਹਨ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ
ਅਧਿਆਪਕ ਆਗੂਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੀ ਕੋਈ ਵੀ ਨਵੀਂ ਮੰਗ ਨਹੀਂ ਹੈ। ਸਰਕਾਰ ਵੱਲੋਂ ਉਨ੍ਹਾਂ ਨੂੰ 2011 ਤੋਂ ਰੈਗੂਲਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਇੱਕ ਹੀ ਮੰਗ ਹੈ ਕਿ ਉਨ੍ਹਾਂ ਦੇ ਰੈਗੂਲਰ ਆਰਡਰਾਂ ਵਿਚ ਦਰਜ ਸਾਰੇ ਲਾਭ ਉਨ੍ਹਾਂ ਨੂੰ ਦਿੱਤੇ ਜਾਣ ਜਿਸ ਅਧੀਨ 6ਵੇਂ ਪੇ ਕਮਿਸ਼ਨ ਦਾ ਲਾਭ ਉਨ੍ਹਾਂ ਨੂੰ ਦਿੱਤਾ ਜਾਵੇ, ਸੀ ਐਸ ਆਰ ਅਧੀਨ ਉਨ੍ਹਾਂ ਦੇ ਬਣਦੇ ਲਾਭ ਬਹਾਲ ਕੀਤੇ ਜਾਣ ਅਤੇ ਉਨ੍ਹਾਂ ਨੂੰ ਵੀ ਪੁਰਾਣੀ ਪੈਨਸ਼ਨ ਦਾ ਲਾਭ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਹੁਣ ਕੰਪਿਊਟਰ ਅਧਿਆਪਕਾਂ ਦਾ ਸਬਰ ਦਾ ਬੰਨ੍ਹ ਟੁੱਟਦਾ ਜਾ ਰਿਹਾ ਹੈ ਅਤੇ ਜੇਕਰ ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਦਾ ਵੀ ਰਵੱਈਆ ਲਾਰੇ ਲੱਪੇ ਵਾਲ਼ਾ ਹੀ ਰਿਹਾ ਤਾਂ ਉਹ ਸੰਘਰਸ਼ ਨੂੰ ਸੜਕਾਂ ਤੇ ਲੈ ਆਉਣਗੇ ਅਤੇ ਉਦੋਂ ਤੱਕ ਸੰਘਰਸ਼ ਨੂੰ ਠੰਢਾ ਨਹੀਂ ਹੋਣ ਦਿੱਤਾ ਜਾਵੇਗਾ ਜਦੋਂ ਤੱਕ ਉਨ੍ਹਾਂ ਦੇ ਸਾਰੇ ਹੱਕ ਬਹਾਲ ਨਹੀਂ ਹੋ ਜਾਣਗੇ।

ਵਿੱਤ ਵਿਭਾਗ ਕਰ ਰਿਹਾ ਹੈ ਮਨਮਾਨੀ
ਉਨ੍ਹਾਂ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਅਤੇ ਹੁਣ ਵਿੱਤ ਵਿਭਾਗ ਦੇ ਅਧਿਕਾਰੀ ਸੂਬੇ ਦੇ ਲਗਭਗ 7 ਹਜਾਰ ਕੰਪਿਊਟਰ ਅਧਿਆਪਕਾਂ ਦੇ ਭਵਿੱਖ ਨਾਲ਼ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਉਨ੍ਹਾਂ ਦੇ ਬਣਦੇ ਹੱਕ ਬਹਾਲ ਹੋਣ ਦੀ ਆਸ ਬੱਝੀ ਸੀ ਪਰ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਅਧਿਕਾਰੀ ਜਾਣ ਬੁੱਝ ਕੇ ਇੱਕ ਦੂਜੇ ਨਾਲ ‘ਫਾਈਲ-ਫਾਈਲ’ ਵਾਲੀ ਖੇਡ ਖੇਡ ਰਹੇ ਹਨ। ਉਨ੍ਹਾਂ ਦੇ ਲਾਭ ਸਬੰਧੀ ਫਾਈਲ ਕਦੇ ਵਿੱਤ ਵਿਭਾਗ ਅਤੇ ਕਦੇ ਸਿੱਖਿਆ ਵਿਭਾਗ ਦੇ ਚੱਕਰ ਕੱਟ ਰਹੀ ਹੈ ਅਤੇ ਅਧਿਕਾਰੀਆਂ ਵੱਲੋਂ ਇਸ ਤੇ ਬੇਲੋੜੇ ਇਤਰਾਜ਼ ਲਗਾਏ ਜਾ ਰਹੇ ਹਾਂ ਜਾ ਇਸ ਨੂੰ ਪ੍ਰੋਸੈੱਸ ਕਰਨ ਵਿਚ ਹੀ ਜਾਣ ਬੁੱਝ ਕੇ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਸਿੱਖਿਆ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਹੱਕ ਜਲਦ ਤੋਂ ਜਲਦ ਬਹਾਲ ਕੀਤੇ ਜਾਣ ਤੋਂ ਜੋ ਪਿਛਲੇ 17 ਸਾਲਾਂ ਤੋਂ ਮਾਨਸਿਕ ਪੀੜਾ ਝੱਲ ਰਹੇ ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਨੂੰ ਕੁੱਝ ਰਾਹਤ ਮਿਲ ਸਕੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਕੰਪਿਊਟਰ ਫੈਕਲਟੀ ਐਸੋਸੀਏਸ਼ਨ, ਫ਼ਿਰੋਜ਼ਪੁਰ ਦੇ ਜ਼ਿਲਾ ਕਮੇਟੀ ਮੈਂਬਰ ਮੋਹਨ ਲਾਲ, ਮਿੰਟੂ ਥੋਮਸ, ਗੁਰਵਿੰਦਰ ਸਿੰਘ, ਵਿਕਾਸ ਛਾਬੜਾ, ਗੁਰਬਖਸ਼ ਸਿੰਘ, ਮਨੀਸ਼ ਮੁਦਕੀ, ਕਮਲਾ ਮੈਡਮ, ਗੀਤੂ ਮੈਡਮ, ਕੁਲਵਿੰਦਰ ਕੌਰ , ਮਨਦੀਪ ਕੌਰ, ਜਯੋਤੀ ਮੈਡਮ, ਮੋਨਿਕਾ ਮੈਡਮ ਵੀ ਹਾਜ਼ਰ ਸਨ।

Read Article

Share Post

VVNEWS वैशवारा

Leave a Reply

Please rate

Your email address will not be published. Required fields are marked *

Next Post

बरेली: निकाय चुनाव की तैयारियों को लेकर चुनाव प्रभारी ने रेड रोज पब्लिक स्कूल में समीक्षा बैठक कर आवश्यक निर्देश दिए

Mon Nov 21 , 2022
निकाय चुनाव की तैयारियों को लेकर चुनाव प्रभारी ने रेड रोज पब्लिक स्कूल में समीक्षा बैठक कर आवश्यक निर्देश दिए बरेली : फतेहगंज पश्चिमी निकाय चुनाव की तैयारी को लेकर आज चुनाव प्रभारी वीरेंद्र गंगवार उर्फ वीरू एवं चुनाव संयोजक अजय सक्सेना ने फतेहगंज पश्चिमी कस्बे के रेड रोज पब्लिक […]

You May Like

Breaking News

advertisement