ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਫਿਰੋਜ਼ਪੁਰ ਵੱਲੋਂ ਸ਼ੁਰੂ ਕੀਤੀ ਸਕੂਲਾਂ ਦੀ ਵਿਸ਼ੇਸ਼ ਨਿਰੀਖਣ ਮੁਹਿੰਮ

06 ਟੀਮਾਂ ਵੱਲੋਂ ਗੁਰੂ ਹਰਸਹਾਇ ਤਹਿਸੀਲ ਦੇ 36 ਸਕੂਲਾਂ ਦੀ ਕੀਤੀ ਚੈਕਿੰਗ।
ਤਹਿਸੀਲ ਪੱਧਰੀ ਸਕੂਲ ਮੁਖੀਆਂ ਦੀ ਮੀਟਿੰਗ ਕਰਕੇ ਦਿੱਤੇ ਦਿਸ਼ਾ ਨਿਰਦੇਸ਼।
(ਪੰਜਾਬ)ਫਿਰੋਜ਼ਪੁਰ 06 ਅਗਸਤ {ਕੈਲਾਸ਼ ਸ਼ਰਮਾ ਜਿਲਾ ਵਿਸ਼ੇਸ਼ ਸੰਵਾਦਦਾਤਾ}=
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਮੁਨੀਲਾ ਅਰੋੜਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਸਤਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਗੁਰੂਹਰਸਹਾਏ-1, ਗੁਰੂਹਰਸਹਾਏ-2 ਅਤੇ ਮਮਦੋਟ ਦੇ ਚੋਣਵੇਂ ਸਰਕਾਰੀ ਸਕੂਲਾਂ ਦਾ ਅਚਨਚੇਤ ਜਾਇਜ਼ਾ ਲਿਆ ਗਿਆ। ਇਹ ਨਿਰੀਖਣ ਪ੍ਰਿੰਸੀਪਲ ਪੱਧਰ ਦੀਆਂ ਵਿਸ਼ੇਸ਼ ਟੀਮਾਂ ਰਾਹੀਂ ਕੀਤਾ ਗਿਆ। ਜਿਸਦਾ ਉਦੇਸ਼ ਅਕਾਦਮਿਕ ਪੱਧਰ, ਸਕੂਲ ਪ੍ਰਬੰਧਨ ਅਤੇ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੀ ਜਾਂਚ ਕਰਨਾ ਸੀ।
ਸਕੂਲਾਂ ਦੇ ਦੌਰੇ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹਾਜ਼ਰੀ, ਸਕੂਲਾਂ ਦੀ ਸਫ਼ਾਈ, ਪਾਠਕ੍ਰਮ ਦੀ ਪ੍ਰਗਤੀ, ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਬਾਥਰੂਮਾਂ ਦੀ ਹਾਲਤ ਆਦਿ ਦੀ ਵੀ ਜਾਂਚ ਕੀਤੀ ਗਈ। ਸਕੂਲਾਂ ਵਿੱਚ ਚੱਲ ਰਹੀਆਂ ਮੁਰੰਮਤਾਂ ਜਾਂ ਨਵੇਂ ਕੰਮਾਂ ਦੀ ਜਾਂਚ ਕਰਦੇ ਹੋਏ ਮੁਨੀਲਾ ਅਰੋੜਾ ਨੇ ਹੁਕਮ ਦਿੱਤਾ ਕਿ ਇਹ ਸਾਰੇ ਕੰਮ ਤੁਰੰਤ ਅਤੇ ਮਿਆਰੀ ਢੰਗ ਨਾਲ ਪੂਰੇ ਕੀਤੇ ਜਾਣ। ਜਿੱਥੇ ਕਮਰੇ ਜਾਂ ਇਮਾਰਤਾਂ ਅਣਸੁਰੱਖਿਅਤ ਹਨ, ਉਨ੍ਹਾਂ ਦੀ ਜਾਣਕਾਰੀ ਤੁਰੰਤ ਸੰਬੰਧਤ ਅਧਿਕਾਰੀਆਂ ਤੱਕ ਭੇਜਣ ਲਈ ਕਿਹਾ ਗਿਆ ਅਤੇ ਅਣ-ਸੁਰੱਖਿਅਤ ਕਮਰਿਆਂ ਵਿੱਚ ਕੋਈ ਵੀ ਕਲਾਸ ਨਾ ਲਗਾਈ ਜਾਵੇ। ਵਿਦਿਆਰਥੀਆਂ ਦੀ ਅਕਾਦਮਿਕ ਸਮਝ ਨੂੰ ਪਰਖਣ ਲਈ ਟੈਸਟਾਂ ਦੀ ਪ੍ਰਕਿਰਿਆ ਦੀ ਵੀ ਸਮੀਖਿਆ ਕੀਤੀ ਗਈ। ਮਿਡ-ਡੇ-ਮੀਲ ਤਹਿਤ ਦਿੱਤੇ ਜਾਂਦੇ ਖਾਣੇ ਦੀ ਗੁਣਵੱਤਾ, ਟੇਸਟਿੰਗ ਅਤੇ ਰਿਕਾਰਡ ਬਾਰੇ ਵੀ ਪੂਰੀ ਜਾਂਚ ਹੋਈ। ਟੀਮਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਹਰ ਰੋਜ਼ ਖਾਣੇ ਦੀ ਜਾਂਚ ਕਰਕੇ ਉਸਦਾ ਅੰਦਰੂਨੀ ਰਿਕਾਰਡ ਤਿਆਰ ਕੀਤਾ ਜਾਵੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਖਾਣ ਵਾਲੀ ਥਾਂ ਅਤੇ ਉਸਦੇ ਆਲੇ-ਦੁਆਲੇ ਦੀ ਸਫਾਈ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਅਧਿਆਪਕਾਂ ਨੂੰ ਇਹ ਨਿਰਦੇਸ਼ ਵੀ ਦਿੱਤੇ ਗਏ ਕਿ ਪਾਠਕ੍ਰਮ ਦੀ ਰੋਜ਼ਾਨਾ ਰਿਪੋਰਟ ਬਣਾਈ ਜਾਵੇ, ਅਤੇ ਟੀਚਰ ਡਾਇਰੀ ਵਿਚ ਹੋਏ ਕੰਮ ਦੀ ਦਰਜਬੰਦੀ ਨਿਯਮਤ ਤੌਰ ‘ਤੇ ਕੀਤੀ ਜਾਵੇ। ਪ੍ਰਿੰਸੀਪਲ ਪੱਧਰ ਦੀਆਂ ਟੀਮਾਂ ਨੇ ਵਿਦਿਆਰਥੀਆਂ ਨਾਲ ਰੁਬਰੂ ਹੋ ਕੇ ਉਨ੍ਹਾਂ ਦੀਆਂ ਪੜ੍ਹਾਈ ਨਾਲ ਜੁੜੀਆਂ ਜ਼ਰੂਰਤਾਂ ਅਤੇ ਚੁਣੌਤੀਆਂ ਨੂੰ ਵੀ ਜਾਣਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੇ ਅਨੁਭਵ ਅਤੇ ਵਿਚਾਰ ਸਾਂਝੇ ਕਰਕੇ ਮੌਜੂਦਾ ਹਾਲਾਤਾਂ ਬਾਰੇ ਸੰਵੇਦਨਸ਼ੀਲ ਰੁਖ ਪੇਸ਼ ਕੀਤਾ।
ਇਨ੍ਹਾਂ ਨਿਰੀਖਣਾਂ ਉਪਰੰਤ, ਸਾਰੇ ਅਧਿਕਾਰੀਆਂ ਦੀ ਮੌਜੂਦਗੀ ਹੇਠ ਇੱਕ ਵਿਸ਼ੇਸ਼ ਮੀਟਿੰਗ ਪੀਐਮ-ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਰੂਹਰਸਹਾਏ ਵਿੱਚ ਆਯੋਜਿਤ ਕੀਤੀ ਗਈ, ਜਿਸ ਵਿੱਚ ਸ੍ਰੀਮਤੀ ਰੁਪਿੰਦਰ ਕੌਰ ਪ੍ਰਿੰਸੀਪਲ, ਸ਼੍ਰੀ ਰਜਿੰਦਰ ਕੁਮਾਰ ਪ੍ਰਿੰਸੀਪਲ, ਸ੍ਰੀ ਸੰਜੀਵ ਟੰਡਨ ਪ੍ਰਿੰਸੀਪਲ, ਸ੍ਰੀ ਹਰਫੂਲ ਸਿੰਘ ਪ੍ਰਿੰਸੀਪਲ ਨੇਂ ਚੈਕਿੰਗ ਦੀ ਕਾਰਗੁਜ਼ਾਰੀ ਰਿਪੋਰਟ ਸਕੂਲ ਮੁਖੀਆਂ ਨਾਲ ਸਾਂਝੀ ਕੀਤੀ।
ਮੀਟਿੰਗ ਵਿੱਚ ਮੈਡਮ ਮੁਨੀਲਾ ਅਰੋੜਾ ਨੇ ਨਿਰੀਖਣ ਦੌਰਾਨ ਸਾਹਮਣੇ ਆਈਆਂ ਘਾਟਾਂ ਅਤੇ ਚੰਗੀਆਂ ਕਾਰਗੁਜ਼ਾਰੀਆਂ ਉੱਤੇ ਚਰਚਾ ਕਰਦਿਆਂ ਇਹ ਵੀ ਸਲਾਹ ਦਿੱਤੀ ਕਿ ਵਧੀਆ ਪੱਧਤੀਆਂ ਨੂੰ ਹੋਰ ਸਕੂਲਾਂ ਵਿੱਚ ਵੀ ਅਪਣਾਇਆ ਜਾਵੇ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਸਚਾਈ ਅਤੇ ਸਮਰਪਣ ਨਾਲ ਨਿਭਾਉਣ, ਅਤੇ ਸਿੱਖਣ-ਸਿਖਾਉਣ ਦੀ ਪਰਕਿਰਿਆ ਨੂੰ ਵਿਦਿਆਰਥੀ-ਕੇਂਦਰਤ ਬਣਾਈ ਰੱਖਣ ਲਈ ਉੱਦਮਸ਼ੀਲ ਰਹਿਣ।
ਸਭ ਸਕੂਲ ਮੁਖੀਆਂ ਵੱਲੋਂ ਵਿਭਾਗ ਦੀ ਇਸ ਕੋਸ਼ਿਸ਼ ਅਤੇ ਰੁਚੀ ਲਈ ਧੰਨਵਾਦ ਪ੍ਰਗਟਾਇਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਸਾਰੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਗੰਭੀਰਤਾ ਅਤੇ ਨਿਸ਼ਠਾ ਨਾਲ ਪਾਲਣਾ ਕੀਤੀ ਜਾਵੇਗੀ।