ਸਰਬੱਤ ਦਾ ਭਲਾ ਟਰੱਸਟ ਵੱਲੋਂ 80 ਲੋੜਵੰਦ ਪਰਿਵਾਰਾਂ ਨੂੰ ਦਿੱਤੇ ਆਰਥਿਕ ਸਹਾਇਤਾ ਦੇ ਚੈੱਕ ਤੇ ਵਿਦਿਆਰਥੀਆਂ ਨੂੰ ਵੰਡੇ ਸਰਟੀਫਿਕੇਟ

ਡਾ: ਐੱਸ.ਪੀ. ਸਿੰਘ ਉਬਰਾਏ ਲੋੜਵੰਦਾਂ ਦੇ ਹਨ ਮਸੀਹਾ-ਐੱਸ.ਡੀ.ਐਮ. ਜ਼ੀਰਾ
(ਪੰਜਾਬ) ਫਿਰੋਜ਼ਪੁਰ/ਮੱਖੂ, 28 ਅਕਤੂਬਰ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਸਮਾਜ ਸੇਵੀ ਅਤੇ ਦੁਬੱਈ ਦੇ ਉੱਘੇ ਕਾਰੋਬਾਰੀ ਡਾ: ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਚਲਾਈ ਜਾ ਰਹੀ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਅਤੇ ਸਿੱਖਿਆ ਡਾਇਰੈਕਟਰ ਮੈਡਮ ਇੰਦਰਜੀਤ ਕੌਰ ਗਿੱਲ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਬਾਬਾ ਕਰਮ ਚੰਦ ਜੀ ਬਾਠਾਂ ਵਾਲਾ ਮੱਖੂ ਵਿਖੇ ਕਰਵਾਏ ਗਏ ਇੱਕ ਸਾਦੇ ਸਮਾਗਮ ਦੌਰਾਨ ਕੰਪਿਊਟਰ ਸੈਂਟਰ ਦਾ ਅੱਠਵਾਂ ਸੈਸ਼ਨ ਪੂਰਾ ਹੋਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ ਅਤੇ ਮੱਖੂ ਇਲਾਕੇ ਨਾਲ ਸਬੰਧਿਤ 80 ਜ਼ਰੂਰਤਮੰਦ, ਵਿਧਵਾਵਾਂ ਅਤੇ ਅੰਗਹੀਣ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਰਾਸ਼ੀ ਦੇ ਚੈੱਕ ਵੰਡੇ ਗਏ। ਇਹ ਚੈੱਕ ਮੁੱਖ ਮਹਿਮਾਨ ਵਜੋਂ ਪਹੁੰਚੇ ਐੱਸ.ਡੀ.ਐਮ. ਜ਼ੀਰਾ ਅਰਵਿੰਦਰਪਾਲ ਸਿੰਘ, ਨਗਰ ਕੌਂਸਲ ਮੱਖੂ ਦੇ ਪ੍ਰਧਾਨ ਸ਼੍ਰੀ ਨਰਿੰਦਰ ਮੋਹਨ ਕਟਾਰੀਆ ਅਤੇ ਨਾਇਬ ਤਹਿਸੀਲਦਾਰ ਮਲੂਕ ਸਿੰਘ ਵੱਲੋਂ ਵੰਡੇ ਗਏ। ਐੱਸ.ਡੀ.ਐਮ. ਜ਼ੀਰਾ ਵੱਲੋਂ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਡਾ: ਓਬਰਾਏ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ਅਤੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਟਰੱਸਟ ਦੀ ਟੀਮ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ ਵੱਲੋਂ ਦੱਸਿਆ ਗਿਆ ਕਿ ਸੰਸਥਾ ਦੇ ਬਾਨੀ ਡਾ: ਓਬਰਾਏ ਵੱਲੋਂ ਵਿਦਿਆਰਥੀਆਂ ਨੂੰ ਆਈ.ਐੱਸ.ਓ. ਤੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਦਿੱਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦੇ ਕਈ ਹੋਰ ਕਾਰਜ ਸ਼ੁਰੂ ਕੀਤੇ ਹੋਏ ਹਨ, ਜਿਨ੍ਹਾਂ ਵਿੱਚ ਲੋੜਵੰਦਾਂ, ਅੰਗਹੀਣਾਂ ਅਤੇ ਵਿਧਵਾਵਾਂ ਨੂੰ 1 ਲੱਖ 40 ਹਜ਼ਾਰ ਰੁਪਏ ਦੇ ਮਹੀਨਾਵਾਰ ਪੈਨਸ਼ਨਾਂ ਦੇ ਚੈੱਕ, ਹੁਸ਼ਿਆਰ ਅਤੇ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ, ਮੈਡੀਕਲ ਸਹਾਇਤਾ, ਅੱਖਾਂ ਦੇ ਕੈਂਪ, ਕਈ ਤਰ੍ਹਾਂ ਦੇ ਹੱਥੀਂ ਹੁਨਰ ਵਾਲੇ ਸਿਖਲਾਈ ਕੋਰਸ, ਸਕੂਲਾਂ ਅਤੇ ਜਨਤਕ ਸਥਾਨਾਂ ’ਤੇ ਸਾਫ਼ ਪਾਣੀ ਵਾਲੇ ਆਰ.ਓ ਲਗਾਏ ਜਾ ਰਹੇ ਹਨ। ਟਰੱਸਟ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਨਿਰੰਤਰ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਪੰਕਜ ਛਾਬੜਾ, ਗੁਰਦੁਆਰਾ ਸਾਹਿਬ ਦੇ ਮੈਨੇਜਰ ਇਕਬਾਲ ਸਿੰਘ, ਕੌਂਸਲਰ ਦਵਿੰਦਰ ਸਿੰਘ, ਜ਼ਿਲ੍ਹਾ ਜਰਨਲ ਸਕੱਤਰ ਪਾਲ ਸਿੰਘ, ਮਹਾਂਵੀਰ ਸਿੰਘ, ਪੱਤਰਕਾਰ ਵਰਿੰਦਰ ਮਨਚੰਦਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜ਼ੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜ਼ੀਰਾ ਬਲਵਿੰਦਰ ਕੌਰ ਲੋਹਕੇ, ਕੰਪਿਊਟਰ ਟੀਚਰ ਮਨਪ੍ਰੀਤ ਸਿੰਘ, ਲੈੱਬ ਇੰਚਾਰਜ ਜਗਸੀਰ ਸਿੰਘ ਜ਼ੀਰਾ ਸਮੇਤ ਹੋਰ ਪੰਤਵੰਤੇ ਵੀ ਮੌਜੂਦ ਸਨ।




