ਡਾ.ਉਬਰਾਏ ਵੱਲੋਂ ਦੁਬਈ ‘ਚ ਆਤਮ ਹੱਤਿਆ ਕਰਨ ਵਾਲੇ ਜਸ਼ਨਦੀਪ ਦੇ ਪਰਿਵਾਰ ਦੀ ਵੱਡੀ ਮਦਦ

ਡਾ.ਉਬਰਾਏ ਵੱਲੋਂ ਦੁਬਈ ‘ਚ ਆਤਮ ਹੱਤਿਆ ਕਰਨ ਵਾਲੇ ਜਸ਼ਨਦੀਪ ਦੇ ਪਰਿਵਾਰ ਦੀ ਵੱਡੀ ਮਦਦ
ਮ੍ਰਿਤਕ ਦੀ ਪਤਨੀ ਤੇ ਬਜ਼ੁਰਗ ਮਾਂ ਨੂੰ ਟਰੱਸਟ ਦੇਵੇਗਾ 2000-2000 ਮਹੀਨਾਵਾਰ ਪੈਨਸ਼ਨ
(ਪੰਜਾਬ)ਫਿਰੋਜ਼ਪੁਰ/ਜੀਰਾ,23 ਮਈ {ਕੈਲਾਸ਼ ਸ਼ਰਮਾ ਜ਼ਿਲ੍ਹਾ ਵਿਸ਼ੇਸ਼ ਸੰਵਾਦਦਾਤਾ}=
ਲੋੜਵੰਦਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ.ਸਿੰਘ ਓਬਰਾਏ ਵੱਲੋਂ ਬਸਤੀ ਮਲਸੀਆਂ (ਜੀਰਾ) ਨਾਲ ਸਬੰਧਿਤ ਮਿ੍ਤਕ ਜਸ਼ਨਦੀਪ ਸਿੰਘ, ਜਿਸ ਨੇ ਕੁਝ ਸਮਾਂ ਪਹਿਲਾਂ ਦੁਬਈ ‘ਚ ਆਤਮਹੱਤਿਆ ਕਰ ਲਈ ਸੀ ਦੇ ਪਰਿਵਾਰ ਦੀ ਮੁਸ਼ਕਿਲ ਘੜੀ ‘ਚ ਬਾਂਹ ਫੜ੍ਹਦਿਆਂ ਉਨ੍ਹਾਂ ਦੀ ਵੱਡੀ ਮਦਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ.ਐਸ.ਪੀ. ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਵੱਲੋਂ ਉਨ੍ਹਾਂ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਕਿ ਆਪਣੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਕਰਜ਼ਾ ਚੁੱਕ ਕੇ ਬੀਤੀ 26 ਅਪ੍ਰੈਲ ਨੂੰ ਦੁਬਈ ਗਏ ਜਸ਼ਨਦੀਪ ਸਿੰਘ ਵੱਲੋਂ ਮਾਤਰ 20 ਦਿਨਾਂ ਬਾਅਦ ਹੀ ਭਾਵ 15 ਮਈ ਨੂੰ ਕਿਸੇ ਕਾਰਨ ਆਤਮ ਹੱਤਿਆ ਕਰ ਲਈ ਸੀ। ਉਨ੍ਹਾਂ ਦੱਸਿਆ ਕਿ ਮਿ੍ਤਕ ਆਪਣੇ ਪਿੱਛੇ ਆਪਣੀ ਪਤਨੀ,8 ਮਹੀਨਿਆਂ ਦੇ ਬੇਟੇ ਤੋਂ ਇਲਾਵਾ ਬਜ਼ੁਰਗ ਮਾਪਿਆਂ ਨੂੰ ਰੋਂਦਿਆਂ ਛੱਡ ਗਿਆ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਦੀ ਆਰਥਿਕ ਹਾਲਤ ਨੂੰ ਵੇਖਦਿਆਂ ਟਰੱਸਟ ਨੇ ਫੈਸਲਾ ਕੀਤਾ ਹੈ ਕਿ ਉਸਦੀ ਵਿਧਵਾ ਪਤਨੀ ਅਤੇ ਬਜ਼ੁਰਗ ਮਾਂ ਨੂੰ ਘਰ ਦੇ ਗੁਜ਼ਾਰੇ ਲਈ ਦੋ-ਦੋ ਹਜ਼ਾਰ ਰੁਪਏ ਮਹੀਨਾਵਾਰ ਪੈਨਸ਼ਨ ਦਿੱਤੀ ਜਾਵੇਗੀ।
ਮ੍ਰਿਤਕ ਜਸ਼ਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਡਾ.ਐੱਸ.ਪੀ.ਸਿੰਘ ਓਬਰਾਏ ਦਾ ਇਸ ਵੱਡੇ ਉਪਰਾਲੇ ਲਈ ਤਹਿ ਦਿਲੋਂ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਇਸ ਔਖੀ ਘੜੀ ਵੇਲੇ ਕੀਤੀ ਗਈ ਵੱਡੀ ਮਦਦ ਨੂੰ ਹਮੇਸ਼ਾ ਯਾਦ ਰੱਖੇਗਾ।
ਜਸ਼ਨਦੀਪ ਦੇ ਅੰਤਿਮ ਸੰਸਕਾਰ ਮੌਕੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਸਿੰਘ ਛਾਬੜਾ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਜੀਰਾ ਰਣਜੀਤ ਸਿੰਘ ਰਾਏ, ਜ਼ਿਲ੍ਹਾ ਸਲਾਹਕਾਰ ਅਤੇ ਇੰਚਾਰਜ ਇਸਤਰੀ ਵਿੰਗ ਜੀਰਾ ਬਲਵਿੰਦਰ ਕੌਰ ਲਹੁਕੇ, ਜਗਸੀਰ ਸਿੰਘ ਲੈਬ ਇੰਚਾਰਜ ਜੀਰਾ, ਮੈਂਬਰ ਮਹਾਂਵੀਰ ਸਿੰਘ ਹਾਜ਼ਰ ਸਨ।